ਭਵਾਨੀਗੜ੍ਹ, 1 ਜੂਨ (ਰਣਧੀਰ ਸਿੰਘ ਫੱਗੂਵਾਲਾ)-ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਨੂੰ ਲੈ ਕੇ ਕਰੀਬ 18 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਕੀਤੀ ਸ਼ਿਕਾਇਤ 'ਤੇ ਪੁਲਿਸ ਵਲੋਂ 2 ਔਰਤਾਂ ਸਮੇਤ 4 'ਤੇ ਮਾਮਲਾ ਦਰਜ਼ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਰਾਹੁਲ ਕੌਸ਼ਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਪਿੰਡ ਫੱਗੂਵਾਲਾ ਦੇ ਸੁਖਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਮਨਦੀਪ ਸਿੰਘ ਨੂੰ ਕੈਨੇਡਾ ਭੇਜਣ 'ਤੇ ਮੁਹਾਲੀ ਦੇ ਇਮੀਗਰੇਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਹਰਮਨਦੀਪ ਸਿੰਘ ਨੂੰ ਕੈਨੇਡਾ ਦੇਸ਼ ਵਿਚ ਵਰਕ ਪਰਮਿਟ ਦਾ ਵੀਜ਼ਾ ਲਗਵਾ ਕੇ ਦੇਣ ਦਾ ਭਰੋਸਾ ਦਿੰਦਿਆਂ 17 ਲੱਖ 92 ਹਜ਼ਾਰ ਰੁਪਏ ਦੀ ਮੰਗ ਕੀਤੀ | ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਵੱਖ-ਵੱਖ ਤਾਰੀਖ਼ਾਂ 'ਤੇ ਆਪਣੇ ਬੈਂਕ ਖਾਤੇ ਵਿਚੋਂ ਚੈੱਕਾਂ ਰਾਹੀਂ ਇਨ੍ਹਾਂ ਨੂੰ ਪੈਸੇ ਦੀ ਅਦਾਇਗੀ ਕੀਤੀ ਗਈ, ਉਕਤ ਗਰੁੱਪ ਵਲੋਂ ਇਨ੍ਹਾਂ ਨਾਲ ਕੀਤੇ ਗਏ ਇੱਕ ਲਿਖਤੀ ਐਗਰੀਮੈਂਟ ਰਾਹੀਂ, ਉਨ੍ਹਾਂ ਹਰਮਨਦੀਪ ਸਿੰਘ ਨੂੰ 3 ਮਹੀਨਿਆਂ 'ਚ ਕੈਨੇਡਾ ਭੇਜਣ ਦਾ ਸਮਾਂ ਲਿਆ ਸੀ | ਪਰ 3 ਮਹੀਨੇ ਬੀਤ ਜਾਣ 'ਤੇ ਜਦੋਂ ਵੀਜ਼ਾ ਨਾ ਆਇਆ ਤਾਂ ਇਨ੍ਹਾਂ ਫ਼ੋਨ ਕਰਦਿਆਂ ਦਫ਼ਤਰ ਜਾ ਕੇ ਮਿਲੇ ਤਾਂ ਉਨ੍ਹਾਂ, ਇਨ੍ਹਾਂ ਨੂੰ ਲਾਰੇ ਲਗਾਉਣੇ ਸ਼ੁਰੂ ਕਰਦਿਆਂ ਜਲਦੀ ਵੀਜ਼ਾ ਆਉਣ ਦਾ ਭਰੋਸਾ ਦਿੱਤਾ | ਉਨ੍ਹਾਂ ਨਾਲ ਵਾਰ-ਵਾਰ ਸੰਪਰਕ ਕਰਨ 'ਤੇ ਜਦੋਂ ਵੀਜ਼ਾ ਨਾ ਆਇਆ ਤਾਂ ਉਨ੍ਹਾਂ ਮੁਹਾਲੀ ਦਫ਼ਤਰ ਜਾ ਕੇ ਪਤਾ ਕਰਨਾ ਚਾਹਿਆ ਤਾਂ ਉਕਤ ਵਿਅਕਤੀ ਦਫ਼ਤਰ ਵਿਚ ਨਾ ਮਿਲੇ ਅਤੇ ਸੰਪਰਕ ਹੋਣਾ ਵੀ ਬੰਦ ਹੋ ਗਿਆ ਤਾਂ ਪੀੜਤ ਵਿਅਕਤੀ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨਾਲ ਠੱਗੀ ਹੋ ਗਈ | ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਦੀ ਜਾਂਚ ਸਬੰਧਿਤ ਵਿਭਾਗ ਨੂੰ ਕਰਨ ਦੇ ਆਦੇਸ਼ ਦਿੱਤੇ, ਜਿਨ੍ਹਾਂ ਸਥਾਨਕ ਪੁਲਿਸ ਨੂੰ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੇ ਨਿਰਦੇਸ਼ ਦਿੱਤੇ | ਡੀ.ਐੱਸ.ਪੀ ਕੌਸ਼ਲ ਨੇ ਦੱਸਿਆ ਕਿ ਪੁਲਿਸ ਨੇ ਸੁਖਵਿੰਦਰ ਸਿੰਘ ਦੇ ਬਿਆਨ ਕਲਮ ਬੰਦ ਕਰਦਿਆਂ ਇਮੀਗਰੇਸ਼ਨ ਗਰੁੱਪ ਦੇ ਮਾਲਕ ਰਾਕੇਸ਼ ਕੁਮਾਰ ਰਿਖੀ, ਪ੍ਰਭਾ ਰਿਖੀ, ਮਨਰਾਜ ਸੰਧੂ ਅਤੇ ਨਤਾਸਾ ਖ਼ਿਲਾਫ਼ ਮਾਮਲਾ ਦਰਜ਼ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਠੱਗੀ ਮਾਰਨ ਦੇ ਜਿੰਮੇਵਾਰਾਂ ਸਬੰਧੀ ਤਫ਼ਤੀਸ਼ ਕੀਤੀ ਜਾ ਰਹੀ ਹੈ, ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ |