ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ)-ਕੁਰਬਾਨੀ ਅਤੇ ਤਿਆਗ ਦਾ ਪ੍ਰਤੀਕ ਈਦ-ਉਲ-ਅਜ਼ਹਾ (ਬਕਰਾਈਦ) ਦਾ ਪਵਿੱਤਰ ਤਿਉਹਾਰ ਜੋ ਕਿ ਦੇਸ਼ ਭਰ ਵਿਚ 7 ਜੂਨ ਨੂੰ ਮੁਸਲਿਮ ਭਾਈਚਾਰੇ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਲੰਘੀਂ ਰਾਤ ਦਾਣਾ ਮੰਡੀ ਮਲੇਰਕੋਟਲਾ ਵਿਖੇ ਰਾਜਸਥਾਨ ਤੋਂ ਆਏ ਇਕ ਬੱਕਰਾ ਵਿਉਪਾਰੀ ਅਕਰਮ ਖ਼ਾਨ ਆਪਣੇ ਸਾਥੀਆਂ ਨਾਲ ਮਲੇਰਕੋਟਲਾ ਵਿਖੇ ਲੱਗਦੀ ਬੱਕਰਿਆਂ ਦੀ ਮੰਡੀ ਵਿਚ 50-60 ਦੇ ਕਰੀਬ ਆਪਣੇ ਬੱਕਰੇ ਅਤੇ ਬੱਕਰੀਆਂ ਵੇਚਣ ਲਈ ਮਲੇਰਕੋਟਲਾ ਲੈ ਕੇ ਆਏ ਹੋਏ ਸਨ | ਅਕਰਮ ਖ਼ਾਨ ਨੇ ਦੱਸਿਆ ਕਿ ਸ਼ਾਮੀਂ ਹੋਈ ਬਾਰਸ਼ ਕਾਰਨ ਉਨ੍ਹਾਂ ਵਲੋਂ ਬੱਕਰਿਆਂ ਦੀ ਸਾਂਭ-ਸੰਭਾਲ ਲਈ ਆਰਜ਼ੀ ਤੌਰ 'ਤੇ ਜ਼ਮੀਨ ਵਿਚ ਲੋਹੇ ਦੀਆਂ ਕਿੱਲਾਂ ਗੱਡ ਕੇ ਜਾਲੀਆਂ ਲਗਾਈਆਂ ਹੋਈਆਂ ਸਨ | ਬਾਰਸ਼ ਹੋਣ ਕਾਰਨ ਅਚਾਨਕ ਅਰਥ ਹੋ ਕੇ ਬਿਜਲੀ ਦਾ ਕਰੰਟ ਅਚਾਨਕ ਜਾਲੀਆਂ ਵਿਚ ਆ ਗਿਆ ਜਿਸ ਨਾਲ ਉਸ ਦੇ 9 ਬੱਕਰਿਆਂ ਦੇ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਦਮ ਤੌੜ ਗਏ | ਜਿਸ ਕਾਰਨ ਉਸ ਦਾ 2 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ | ਇਸੇ ਦੌਰਾਨ ਹਨੇਰੇ ਦਾ ਫ਼ਾਇਦਾ ਚੁੱਕਦਿਆਂ ਇਕ ਨੌਜਵਾਨ ਵਲੋਂ ਟੈਂਪੂ ਨਾਲ ਬੰਨੇ ਅਤੇ ਹਲਕਾ ਜਿਹਾ ਬਿਜਲੀ ਦਾ ਕਰੰਟ ਲੱਗੇ ਹੋਏ ਅਕਰਮ ਖ਼ਾਨ ਦੇ ਬੱਕਰੇ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਜਿਉਂ ਹੀ ਆਸ-ਪਾਸ ਇਕੱਤਰ ਹੋਏ ਲੋਕਾਂ ਨੂੰ ਇਸ ਦੀ ਭਿਣਕ ਲੱਗੀ ਤਾਂ ਲੋਕਾਂ ਨੇ ਉਸ ਨੌਜਵਾਨ ਦੀ ਖ਼ੂਬ ਖੁੰਭ ਠੱਪੀ ਅਤੇ ਚੋਰੀ ਕਰਨ ਦੀ ਘਟਨਾ ਨੂੰ ਨਾਕਾਮ ਕੀਤਾ ਗਿਆ ਅਤੇ ਥਾਣਾ ਸਿਟੀ-1 ਮਲੇਰਕੋਟਲਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ | ਮਲੇਰਕੋਟਲਾ ਪੁਲਿਸ ਉਕਤ ਨੌਜਵਾਨ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਧੂਰੀ ਰੋਡ ਤੇ ਸਥਿਤ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਲੈ ਗਈ | ਆਪਣੀ ਟੀਮ ਸਮੇਤ ਘਟਨਾ ਸਥਾਨ 'ਤੇ ਪੁੱਜੇ ਮਲੇਰਕੋਟਲਾ ਦੇ ਡੀ.ਐੱਸ.ਪੀ. ਜਨਾਬ ਕੁਲਦੀਪ ਸਿੰਘ ਨੇ ਕਿਹਾ ਕਿ 7 ਜੂਨ ਨੂੰ ਦੇਸ਼ ਭਰ ਵਿਚ ਬੱਕਰਾਈਦ ਦਾ ਤਿਉਹਾਰ ਹੈ, ਜਿਸ ਦੇ ਮੱਦੇਨਜ਼ਰ ਅਕਰਮ ਖ਼ਾਨ ਰਾਜਸਥਾਨ ਤੋਂ ਆਪਣੇ ਬੱਕਰੇ ਵੇਚਣ ਲਈ ਦਾਣਾ ਮੰਡੀ ਮਲੇਰਕੋਟਲਾ ਲੈ ਕੇ ਆਏ ਸਨ, ਜਿਸ ਦੇ 9 ਬੱਕਰੇ ਅਚਾਨਕ ਕਰੰਟ ਲੱਗਣ ਨਾਲ ਮਰ ਗਏ ਹਨ | ਉਨ੍ਹਾਂ ਬੱਕਰਾ ਵਪਾਰੀ ਅਕਰਮ ਖ਼ਾਨ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਉਹ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਧਿਆਨ ਵਿਚ ਲਿਆ ਕੇ ਸਬੰਧਤ ਵਿਭਾਗ ਨਾਲ ਰਾਬਤਾ ਕਰ ਕੇ ਉਸ ਦੀ ਜ਼ਰੂਰ ਮਦਦ ਕਰਵਾਉਣਗੇ | ਇਸ ਮੌਕੇ ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਬਲਜੀਤ ਸਿੰਘ ਵੀ ਆਪਣੀ ਟੀਮ ਸਮੇਤ ਮੌਜੂਦ ਸਨ |
ਮਲੇਰਕੋਟਲਾ ਵਿਖੇ ਲੱਗੀ ਬੱਕਰਾ ਮੰਡੀ 'ਚ ਅਚਾਨਕ ਕਰੰਟ ਲੱਗਣ ਨਾਲ 9 ਬੱਕਰੇ ਮਰੇ
ਅਜੀਤ ਡੈਸਕ
02-06-2025