ਮਲੇਰਕੋਟਲਾ, 3 ਜੂਨ (ਮਨਜਿੰਦਰ ਸਿੰਘ ਸਰੌਦ)-ਜੇਕਰ ਮੌਜੂਦਾ ਸਮੇਂ ਪੰਜਾਬ ਦੇ ਸਹਿਕਾਰਤਾ ਵਿਭਾਗ ਦੀਆਂ 'ਅੰਦਰੂਨੀ ਪਰਤਾਂ' ਵੱਲ ਨਿਗ੍ਹਾ ਮਾਰੀਏ ਤਾਂ ਕਿਸੇ ਵੀ ਚਿੰਤਾ ਕਰਨ ਵਾਲੇ ਇਨਸਾਨ ਦਾ ਕਾਲਜਾਂ ਮੂੰਹ ਨੂੰ ਆ ਜਾਂਦੈ ਕਿ ਕਿੰਝ ਕਿਸਾਨ ਭਾਈਚਾਰੇ ਦੇ ਇਸ ਆਪਣੇ ਸਾਂਝੇ ਅਦਾਰੇ ਨੂੰ ਉਸ ਵਿਚ ਕੰਮ ਕਰਨ ਵਾਲੇ ਕੁਝ ਆਪਣੇ ਲੋਕ ਹੀ ਖ਼ਾਤਮੇ ਲੈ ਤੁਰੇ ਹਨ | ਇਸ ਸਾਰੇ ਬਿਰਤਾਂਤ ਨੂੰ ਸਾਂਝਾ ਕਰਦਿਆਂ ਸਹਿਕਾਰੀ ਸਭਾਵਾਂ ਜ਼ਿਲ੍ਹਾ ਮਲੇਰਕੋਟਲਾ, ਸੰਗਰੂਰ ਤੇ ਬਰਨਾਲਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਅਤੇ ਚੇਅਰਮੈਨ ਹਾਊਸਫੈਡ ਪ੍ਰਦੱਮਣ ਸਿੰਘ ਸਿੱਧੂ ਦਲੇਲਗੜ੍ਹ ਨੇ ਆਖਿਆ ਕਿ ਪਿਛਲੇ ਦਿਨੀਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵਲੋਂ, ਜੋ ਕੁਝ ਵਿਭਾਗ ਦੇ ਅੰਦਰ ਹੋ ਰਿਹਾ ਹੈ ਉਸ ਸੰਬੰਧੀ 'ਉਧੇੜੇ ਪਾਜ' ਨੇ ਸਭ ਕੁਝ ਜੱਗ ਜ਼ਾਹਰ ਕਰ ਦਿੱਤਾ ਹੈ | ਪੇਂਡੂ ਸਹਿਕਾਰੀ ਸਭਾਵਾਂ ਦੇ ਅੰਦਰ ਹੁੰਦੇ ਗਬਨਾਂ ਨੇ ਸਹਿਕਾਰਤਾ ਵਿਭਾਗ ਨੂੰ ਭਾਰੀ ਸੱਟ ਮਾਰੀ ਹੈ | ਬੇਲੋੜਾ ਸਿਆਸੀ ਦਖ਼ਲ ਵੀ ਕੰਮ-ਕਾਜ ਨੂੰ ਪ੍ਰਭਾਵਿਤ ਕਰ ਰਿਹਾ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਹਰ ਸਾਲ ਸੂਬੇ ਦੀਆਂ ਸਭਾਵਾਂ ਦਾ ਆਡਿਟ ਕੀਤਾ ਜਾਂਦਾ ਹੈ ਤਾਂ ਲੱਖਾਂ ਰੁਪਏ ਦੇ ਗ਼ਬਨ ਕਿਵੇਂ ਹੋ ਜਾਂਦੇ ਹਨ | ਹਰ ਸਾਲ ਘਾਟੇ ਵਿਚ ਜਾ ਰਹੀਆਂ ਸਹਿਕਾਰੀ ਸਭਾਵਾਂ ਦੇ ਆਡਿਟ ਸਮੇਂ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਜਾਣਕਾਰੀ ਕਿਉਂ ਨਹੀਂ ਦਿੱਤੀ ਜਾਂਦੀ ਅਤੇ ਬਾਅਦ ਵਿਚ ਤੁਰੰਤ ਕਮੇਟੀ ਨੂੰ ਵੀ ਦੋਸ਼ੀ ਕਿਉਂ ਬਣਾ ਦਿੱਤਾ ਜਾਂਦਾ ਹੈ | ਜਦਕਿ ਸਭਾਵਾਂ ਦੇ ਡਿਫਾਲਟਰਾਂ ਦੀ ਸੂਚੀ ਹਰ ਸਾਲ ਅਮਰਵੇਲ ਦੀ ਤਰ੍ਹਾਂ ਵਧ ਰਹੀ ਹੈ | ਕਿਸਾਨ ਆਗੂਆਂ ਵਲੋਂ ਇਸ ਵਿਭਾਗ ਨੂੰ ਬਚਾਉਣ ਦੀ ਦੁਹਾਈ ਦਿੰਦਿਆਂ ਕਿਹਾ ਕਿ ਸਹਿਕਾਰਤਾ ਵਿਭਾਗ ਮੁੱਖ ਮੰਤਰੀ ਦੇ ਕੋਲ ਹੋਣ ਕਾਰਨ ਕੋਈ ਸੁਣਵਾਈ ਨਹੀਂ ਹੋ ਰਹੀ | ਜਦਕਿ ਚਾਹੀਦਾ ਦਾ ਤਾਂ ਇਹ ਹੈ ਕਿ ਸੰਬੰਧਿਤ ਵਿਭਾਗ ਦੇ ਮੰਤਰੀ, ਅਧਿਕਾਰੀ ਅਤੇ ਕਿਸਾਨਾਂ ਦੀ ਹਰ ਮਹੀਨੇ ਮੀਟਿੰਗ ਹੋਵੇ ਤਾਂ ਕਿ ਸਭ ਕੁਝ ਸਾਹਮਣੇ ਆ ਸਕੇ |