ਸੁਨਾਮ ਊਧਮ ਸਿੰਘ ਵਾਲਾ, 3 ਜੂਨ (ਸਰਬਜੀਤ ਸਿੰਘ ਧਾਲੀਵਾਲ)-ਸਥਾਨਕ ਮਾਇਆ ਗਾਰਡਨ ਵਾਸੀਆਂ ਦੇ ਇਕ ਨੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਜਵੰਧਾ ਦੀ ਅਗਵਾਈ ਵਿਚ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐੱਸ.ਐੱਚ.ਓ ਇੰਸਪੈਕਟਰ ਪ੍ਰਤੀਕ ਜਿੰਦਲ ਨੂੰ ਮਿਲ ਕੇ ਕਲੋਨੀ ਦੇ ਕਲੋਨਾਈਜ਼ਰਾਂ 'ਤੇ ਧੋਖਾਧੜੀ ਦੇ ਦੋਸ਼ ਲਾਉਂਦਿਆਂ ਕਲੋਨਾਈਜ਼ਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ | ਐਡਵੋਕੇਟ ਸਤਨਾਮ ਸਿੰਘ ਜਵੰਧਾ, ਐਡਵੋਕੇਟ ਸੁਸ਼ੀਲ ਵਸ਼ਿਸ਼ਟ, ਐਡਵੋਕੇਟ ਪੁਸ਼ਪਿੰਦਰ ਜਿੰਦਲ, ਪ੍ਰਭਾਤ ਜਿੰਦਲ, ਗੋਪਾਲ ਸ਼ਰਮਾ ਅਤੇ ਮਦਨ ਕਾਂਸਲ ਆਦਿ ਨੇ ਇਕ ਲਿਖਤੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਉਕਤ ਕਾਲੋਨੀ ਦੇ ਕਲੋਨਾਈਜ਼ਰਾਂ ਵਲੋਂ ਮਾਇਆ ਗਾਰਡਨ ਵਾਸੀਆਂ ਨਾਲ ਧੋਖਾ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਸੀਵਰੇਜ ਪਾਣੀ ਦੀ ਨਿਕਾਸੀ ਲਈ ਕੋਈ ਵਿਵਸਥਾ ਨਹੀਂ ਕੀਤੀ | ਬਰਸਾਤਾਂ ਦੇ ਦਿਨਾਂ 'ਚ ਇੱਥੇ ਬਦਬੂਦਾਰ ਪਾਣੀ ਪਲਾਟਾਂ ਅਤੇ ਘਰਾਂ ਵਿਚ ਵੜ ਰਿਹਾ ਹੈ, ਜੋ ਕਿ ਕਈ ਗੰਭੀਰ ਬਿਮਾਰੀਆਂ ਦੇ ਫੈਲਣ ਦਾ ਵੱਡਾ ਖ਼ਦਸ਼ਾ ਬਣਿਆ ਹੋਇਆ ਹੈ | ਅਜਿਹਾ ਹੀ ਨਹੀ ਮਾਨਸੂਨ ਦੇ ਮੌਸਮ 'ਚ ਮੱਛਰਾਂ ਦੇ ਕਾਰਨ ਮਲੇਰੀਆ, ਡੇਂਗੂ, ਚਿਕਨਗੁਨੀਆ ਅਤੇ ਹੋਰ ਬਿਮਾਰੀਆਂ ਫੈਲ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਕਈ ਵਾਰ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੀ ਮਿਲ ਚੁੱਕੇ ਹਨ, ਪਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਅਜੇ ਤੱਕ ਕੋਈ ਹੱਲ ਨਹੀਂ ਹੋਇਆ |