ਅਹਿਮਦਗੜ੍ਹ, 3 ਜੂਨ (ਸੁਖਜੀਤ ਸਿੰਘ ਖੇੜਾ)-ਨੇੜਲੇ ਪਿੰਡ ਛਪਾਰ (ਲੁਧਿਆਣਾ) ਦੇ ਇੱਕ ਘਰ 'ਚੋਂ ਵੱਡੀ ਮਾਤਰਾ ਵਿਚ ਅੰਗਰੇਜ਼ੀ ਅਤੇ ਦੇਸੀ ਗੈਰ-ਕਾਨੂੰਨੀ ਸ਼ਰਾਬ ਬਰਾਮਦ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਲਸ਼ਨ ਹੁਰੀਆ -ਏਸੀਐਕਸ ਐਕਸਾਈਜ਼ ਸੰਗਰੂਰ ਰੇਂਜ ਅਤੇ ਲਖਮੀਰ ਚੰਦ ਈਓ -ਸੰਗਰੂਰ-2 ਦੀ ਨਿਗਰਾਨੀ ਹੇਠ ਈਆਈ ਅਜੈ ਮਿੱਤਲ (ਅਹਿਮਦਗੜ੍ਹ ਸਰਕਲ), ਈਆਈ ਦਲਜੀਤ ਸਿੰਘ (ਮਲੇਰਕੋਟਲਾ ਸਰਕਲ) ਅਤੇ ਈਆਈ ਤਰਨਵੀਰ ਸਿੰਘ ਮਾਨ (ਧੂਰੀ ਸਰਕਲ) ਨੇ ਐਕਸਾਈਜ਼, ਪੁਲਿਸ ਸਟਾਫ ਅਤੇ ਐੱਸਆਈ ਗੁਰਦੀਪ ਸਿੰਘ ਛਪਾਰ ਚੌਕੀ ਇੰਚਾਰਜ ਅਤੇ ਸਥਾਨਕ ਪੁਲਿਸ ਸਟਾਫ ਨਾਲ ਮਿਲ ਕੇ ਥਾਣਾ ਜੋਧਾਂ ਅਧੀਨ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਨਾਲ ਜਾਣੇ ਜਾਂਦੇ ਪਿੰਡ ਛਪਾਰ ਦੇ ਇੱਕ ਘਰ ਵਿਖੇ ਇੱਕ ਸਾਂਝਾ ਐਕਸਾਈਜ਼ ਛਾਪਾ ਮਾਰਿਆ | ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਅਪ੍ਰੇਸ਼ਨ ਦੌਰਾਨ ਗੁਰਦੀਪ ਸਿੰਘ ਪੁੱਤਰ ਬਿੱਕਰ ਸਿੰਘ ਦੇ ਘਰ ਤੋਂ ਵੱਖ-ਵੱਖ ਬਰਾਂਡਾ ਦੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਗੈਰ ਕਾਨੂੰਨੀ ਪੰਜਾਬ ਮਾਰਕਾ ਕੁੱਲ 226 ਬੋਤਲਾਂ ਅਤੇ 241 ਬੋਤਲਾਂ ਚੰਡੀਗੜ੍ਹ ਮਾਰਕਾ, ਕੁੱਲ 467 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀ ਗੁਰਦੀਪ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਛਪਾਰ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਕੇ ਐਫਆਈਆਰ ਨੰਬਰ 61 ਥਾਣਾ ਜੋਧਾਂ ਵਿਖੇ ਦਰਜ ਕੀਤੀ ਗਈ ਹੈ |