ਭਵਾਨੀਗੜ੍ਹ, 3 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਟਰਿਆਣਾ ਵਿਖੇ ਇੱਕ ਨੌਜਵਾਨ ਦੀ ਸੜਕ ਕਿਨਾਰੇ ਸਟਾਰਟ ਖੜੀ ਕਾਰ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਬੇਅੰਤ ਸਿੰਘ ਦੇ ਚਾਚਾ ਬਲਰਾਜ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਬਟਰਿਆਣਾ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਬੇਅੰਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਦਾ ਸੀ, ਉਸ ਨੂੰ ਕਈ ਵਾਰ ਦਵਾਈ ਵਗ਼ੈਰਾ ਵੀ ਦਿਵਾਈ ਗਈ, ਪਰ ਉਹ ਫਿਰ ਵੀ ਨਸ਼ਾ ਕਰਨੋਂ ਨਾ ਹਟਿਆ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਉਹ 15 ਸੌ ਰੁਪਏ ਲੈ ਕੇ ਘਰੋਂ ਸੁਨਾਮ ਨੂੰ ਗਿਆ ਸੀ | ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨਾਮ ਤੋਂ ਆਉਂਦਿਆਂ ਬੇਅੰਤ ਸਿੰਘ ਪਿੰਡ ਮਰਦ ਖੇੜਾ ਵਿਖੇ ਸੜਕ ਕਿਨਾਰੇ ਸਟਾਰਟ ਖੜੀ ਕਾਰ ਵਿਚ ਗੱਡੀ ਵਿਚ ਮਰਿਆ ਪਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਮਰਦ ਖੇੜਾ ਵਿਖੇ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਪਿੰਡ ਵਾਲਿਆਂ ਨੇ ਵੀ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੀ ਸੜਕ ਕਿਨਾਰੇ ਕਾਫ਼ੀ ਸਮੇਂ ਤੋਂ ਕਾਰ ਸਟਾਰਟ ਖੜੀ ਸੀ, ਜਿਸ ਵਿਚ ਕੋਈ ਹਿਲਜੁਲ ਨਹੀਂ ਹੋ ਰਹੀ ਸੀ, ਜਿਸ ਦਾ ਪਤਾ ਪਿੰਡ ਵਾਲਿਆਂ ਨੂੰ ਲੱਗਣ 'ਤੇ ਉਨ੍ਹਾਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ, ਜਿਸ ਨੇ ਇਸ ਸਬੰਧੀ ਪੁਲਿਸ ਨੂੰ ਦੱਸਿਆ ਕਿ ਪੁਲਿਸ ਦੇ ਅਧਿਕਾਰੀਆਂ ਆ ਕੇ ਜਦੋਂ ਕਾਰ ਖੋਹਲ ਕੇ ਦੇਖਿਆ ਤਾਂ ਬੇਅੰਤ ਸਿੰਘ ਦੀ ਮੌਤ ਹੋ ਚੁੱਕੀ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਬਿਆਨ ਦਰਜ਼ ਕਰਵਾਉਂਦਿਆਂ ਉਸ ਦੇ ਭਤੀਜੇ ਦੀ ਮੌਤ ਕਥਿਤ ਤੌਰ 'ਤੇ ਵੱਧ ਨਸ਼ਾ ਲੈਣ ਨਾਲ ਜਾਂ ਮਾੜਾ ਨਸ਼ਾ ਲੈਣ ਨਾਲ ਹੋਈ ਹੈ | ਉਨ੍ਹਾਂ, ਉਸ ਦੀ ਮੌਤ ਦੇ ਜਿੰਮਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ, ਜਿਸ 'ਤੇ ਪਿੰਡ ਛਾਜਲੀ ਪੁਲਿਸ ਚੌਂਕੀ ਦੇ ਅਧਿਕਾਰੀਆਂ ਬਲਰਾਜ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ | ਇਹ ਵੀ ਪਤਾ ਲੱਗਿਆ ਹੈ, ਕਿ ਬੇਅੰਤ ਸਿੰਘ ਮਾਂ ਦਾ ਇਕਲੌਤਾ ਪੁੱਤਰ ਸੀ, ਜਿਸ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ | ਇਹ ਇਹ ਦੱਸਣਯੋਗ ਹੈ, ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਦੀ ਮੁਹਿੰਮ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ | ਦੂਜੇ ਪਾਸੇ ਨੌਜਵਾਨ ਹਰ ਰੋਜ਼ ਨਸ਼ਿਆਂ ਦੀ ਭੇਟ ਚੜ੍ਹਦਿਆਂ ਪੰਜਾਬ ਸਰਕਾਰ ਦੇ ਦਾਅਵੇ ਖੋਖਲਾ ਸਾਬਿਤ ਹੋ ਰਹੇ ਹਨ | ਇਸ ਸਬੰਧੀ ਪਿੰਡ ਦੇ ਸਰਪੰਚ ਦੇ ਪਤੀ ਬਿੰਦਰ ਸਿੰਘ ਨੇ ਕਿਹਾ ਕਿ ਇੱਕ ਪਰਿਵਾਰ ਬਹੁਤ ਵੀ ਗ਼ਰੀਬ ਪਰਿਵਾਰ ਹੈ, ਜਿਨ੍ਹਾਂ ਕੋਲ ਤੁੱਛ ਜਿਹੀ ਜ਼ਮੀਨ ਹੈ, ਜਿਸ ਨਾਲ ਮਿ੍ਤਕ ਦੀ ਇਕੱਲੀ ਰਹਿ ਗਈ ਬੁੱਢੀ ਮਾਂ ਕੋਲ ਕੋਈ ਗੁਜ਼ਾਰੇ ਦਾ ਸਾਧਨ ਨਹੀਂ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ |
ਸੜਕ ਕਿਨਾਰੇ ਸਟਾਰਟ ਖੜ੍ਹੀ ਕਾਰ ਵਿਚ ਨੌਜਵਾਨ ਦੀ ਹੋਈ ਮੌਤ <br/>
ਅਜੀਤ ਡੈਸਕ
04-06-2025