10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਾਬ ਦੀ ਅਫ਼ਸਰਸ਼ਾਹੀ ਵਿਚ ਤਾਲਮੇਲ ਦੀ ਘਾਟ ਕਾਰਨ ਲੋਕ ਹੜ੍ਹਾਂ ਨਾਲ ਜੱਦੋ ਜਹਿਦ ਕਰਨ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 02-09-2025
ਸੰਗਰੂਰ, 1 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਇਸ ਸਮੇਂ ਹੜ੍ਹਾਂ ਦੀ ਭਿਆਨਕ ਮਾਰ ਝੱਲ ਰਿਹਾ ਹੈ | ਮਾਝੇ ਦੇ ਸਰਹੱਦੀ ਖੇਤਰ ਵਿਚ ਤਾਂ ਲੋਕ ਆਪਣੇ ਆਪ ਨੂੰ ਸੰਭਾਲਣ ਦੇ ਨਾਲ-ਨਾਲ ਪਸ਼ੂਆਂ ਨੂੰ ਸੰਭਾਲਣ ਦੇ ਆਹਰ ਵਿਚ ਲੱਗੇ ਹੋਏ ਹਨ | ਮਾਲਵਾ ਖ਼ਿੱਤੇ ਅਤੇ ਦੁਆਬੇ ਦਾ ਵੀ ਇਹੀ ਹਾਲ ਹੈ ਕਿ ਲੋਕਾਂ ਪਾਣੀ ਦੀ ਮਾਰ ਤੋਂ ਬਚਣ ਲਈ ਘਰਾਂ ਦੀਆਂ ਛੱਤਾਂ ਉੱਤੇ ਬੈਠੇ ਜ਼ਿੰਦਗੀ ਮੌਤ ਦੀ ਲੜਾਈ ਲੜਨ ਲਈ ਮਜਬੂਰ ਹਨ | ਮਾਲਵਾ ਦੇ ਤਕਰੀਬਨ ਚਾਰ ਤੋਂ ਪੰਜ ਜ਼ਿਲੇ੍ਹ ਬਰਸਾਤਾਂ ਦੌਰਾਨ ਪੈਦਾ ਹੋਣ ਵਾਲੇ ਘੱਗਰ ਦਰਿਆ ਦੇ ਪ੍ਰਕੋਪ ਤੋਂ ਤਕਰੀਬਨ ਹਰ ਵਰੇ੍ਹ ਪ੍ਰਭਾਵਿਤ ਹੁੰਦੇ ਹਨ | ਜਾਨ ਮਾਲ ਅਤੇ ਪਸ਼ੂ ਧਨ ਦੇ ਨਾਲ-ਨਾਲ ਘੱਗਰ ਮਾਲਵੇ ਦੇ ਸੰਗਰੂਰ ਪਟਿਆਲਾ, ਮਾਨਸਾ ਦੇ ਲਾਗਲੇ ਹੋਰ ਜ਼ਿਲਿ੍ਹਆਂ ਵਿਚ ਵੱਡਾ ਨੁਕਸਾਨ ਕਰਦਾ ਹੈ | ਵਿਰੋਧੀ ਧਿਰ ਵਿਚ ਰਹਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸੱਤਾਧਾਰੀ ਧਿਰ ਚਾਹੇ ਉਹ ਅਕਾਲੀ ਦਲ ਦੀ ਅਤੇ ਕਾਂਗਰਸ ਦੀ ਸਰਕਾਰ ਹੋਵੇ ਹੜ੍ਹਾਂ ਲਈ ਬਰਸਾਤੀ ਨਾਲਿਆਂ, ਨਹਿਰਾਂ ਕੱਸੀਆਂ, ਡਰੇਨਾਂ ਦੀ ਸਫ਼ਾਈ ਨਾ ਹੋਣ ਨੂੰ ਹੀ ਮੁੱਦਾ ਬਣਾਉਂਦੇ ਰਹੇ ਹਨ ਪਰ ਅੱਜ ਜਦ ਪੰਜਾਬ ਤਬਾਹੀ ਦੇ ਪੂਰੇ ਮੰਜਰ ਉੱਤੇ ਹੈ ਤਦ ਆਪ ਸਰਕਾਰ ਇਸ ਮੁੱਦੇ ਉੱਤੇ ਚੁੱਪ ਧਾਰੀ ਬੈਠੀ ਹੈ | ਸੰਗਰੂਰ ਜ਼ਿਲੇ੍ਹ ਵਿਚ ਖਨੌਰੀ, ਮੂਨਕ ਦੇ ਇਲਾਕਿਆਂ ਵਿਚ ਇਸ ਵੇਲੇ ਘੱਗਰ ਪੂਰੇ ਉਫਾਨ ਉੱਤੇ ਹੈ ਅਤੇ ਕਿਸੇ ਵੇਲੇ ਵੀ ਵੱਡਾ ਨੁਕਸਾਨ ਹੋਣ ਦੀ ਸ਼ੰਕਾ ਉਸ ਇਲਾਕੇ ਦੇ ਵਿਚ ਬੈਠੇ ਸਹਿਮੇ ਹੋਏ ਲੋਕ ਪ੍ਰਗਟਾ ਰਹੇ ਹਨ | ਹੜ੍ਹਾਂ ਕਾਰਨ ਪੰਜਾਬ ਵਿਚਲੇ ਹਾਲਤਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਰਾਜਨੀਤਕ ਸਮਾਜਕ ਆਗੂਆਂ ਨੇ ਅਜਿਹੀ ਸਥਿਤੀ ਲਈ ਸਿੱਧੇ ਤੌਰ ਉੱਤੇ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਭਾਜਪਾ ਦੇ ਸੂਬਾਈ ਆਗੂ ਅਤੇ ਮੋਹਾਲੀ ਭਾਜਪਾ ਦੇ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆਂ ਨੇ ਹੜ੍ਹਾਂ ਲਈ ਆਪ ਸਰਕਾਰ ਦੇ ਨਾਲ-ਨਾਲ ਡਿਪਾਰਟਮੈਂਟ ਆਫ਼ ਵਾਟਰ ਰਿਸੋਰਸ ਨਹਿਰੀ ਵਿਭਾਗ, ਮੌਸਮ ਵਿਭਾਗ ਅਤੇ ਬੀ.ਬੀ.ਐਮ.ਬੀ (ਭਾਖੜਾ ਬੋਰਡ ਮੈਨੇਜਮੈਂਟ ਬੋਰਡ ਦੇ ਆਪਸ ਵਿਚ ਤਾਲਮੇਲ ਦੀ ਘਾਟ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ | ਉਨ੍ਹਾਂ ਕਿਹਾ ਕਿ ਛੇ ਮਹੀਨੇ ਪਹਿਲਾਂ ਮੌਸਮ ਵਿਭਾਗ ਰਾਜ ਸਰਕਾਰ ਨੂੰ ਚਿਤਾਵਨੀ ਦੇ ਰਿਹਾ ਸੀ ਕਿ ਹੜ੍ਹਾਂ ਦਾ ਖ਼ਤਰਾ ਸੰਭਵ ਹੈ ਤਾਂ ਡਿਪਾਰਟਮੈਂਟ ਆਫ਼ ਵਾਟਰ ਰਿਸੋਰਸ ਜੋ ਦਰਿਆਵਾਂ ਦੇ ਪਾਣੀ ਨੂੰ ਕੰਟਰੋਲ ਕਰਦਾ ਹੈ, ਇਸ ਮਸਲੇ ਉੱਤੇ ਕਿਉਂ ਚੁੱਪ ਰਿਹਾ | ਪੂਨੀਆ ਨੇ ਕਿਹਾ ਕਿ ਜਦ ਮੌਜੂਦਾ ਸਮੇਂ ਪੰਜਾਬ ਡੁੱਬ ਰਿਹਾ ਹੈ ਤਾਂ ਇੰਦਰਾ ਗਾਂਧੀ ਕਨਾਲ ਅਤੇ ਹੋਰ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਵਿਚ ਪਾਣੀ ਕਿਉਂ ਨਹੀ ਛੱਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਮਸਲੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਅਫ਼ਸਰਸ਼ਾਹੀ ਗੁਮਰਾਹ ਕਰ ਰਹੀ ਹੈ ਜਿਸ ਦਾ ਖ਼ਮਿਆਜ਼ਾ ਪੰਜਾਬ ਭੁਗਤ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਭਾਖੜਾ ਡੈਮ, ਪੌਗ ਡੈਮ, ਰਣਜੀਤ ਸਾਗਰ ਡੈਮ ਵਿਚ ਜਦ ਪਾਣੀ ਦਾ ਪੱਧਰ ਵਧ ਰਿਹਾ ਸੀ ਤਾਂ ਪੰਜਾਬ ਦੀਆਂ ਨਹਿਰਾਂ ਵਿਚ ਪਾਣੀ ਕਿਉਂ ਨਹੀ ਛੱਡਿਆ ਗਿਆ | ਇੱਥੋਂ ਤੱਕ ਕਿ ਝੋਨੇ ਦੀ ਬਿਜਾਈ ਵੇਲੇ ਬਿਜਲੀ ਦੀ ਸਪਲਾਈ ਪਹਿਲਾਂ ਸ਼ੁਰੂ ਕੀਤੀ ਗਈ ਜਦ ਕਿ ਨਹਿਰੀ ਪਾਣੀ ਹਫ਼ਤੇ ਬਾਅਦ ਛੱਡਿਆ ਗਿਆ ਸੀ | ਸ਼ੋ੍ਰਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਵਰਕਿੰਗ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਵਿਰਕ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਦੀ ਆਮਦ ਸ਼ੁਰੂ ਹੋ ਹੋਈ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਆਪਣੀ ਧਰਮ ਪਤਨੀ ਨਾਲ ਤਾਮਿਲਨਾਡੂ ਵਿਚ ਇਟਲੀ ਡੋਸੇ ਦਾ ਆਨੰਦ ਲੈ ਰਹੇ ਸਨ | ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਪੰਜਾਬ ਵਿਚ ਰਹਿੰਦਿਆਂ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੰਦੇ ਤਾਂ ਰਾਜ ਵਿਚ ਅਜਿਹੇ ਮਾੜੇ ਹਾਲਾਤ ਬਣਨ ਦੇ ਅਸਾਰ ਘੱਟ ਹੋਣੇ ਸਨ | ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਹੜ੍ਹਾਂ ਦੇ ਮੌਜੂਦ ਹਾਲਤ ਅਧਿਕਾਰੀਆਂ ਦੇ ਤਾਲਮੇਲ ਦੀ ਘਾਟ ਕਾਰਨ ਵਾਪਰੇ ਹਨ | ਫ਼ਿਲਹਾਲ ਪੰਜਾਬ ਹੜ੍ਹਾਂ ਦੀ ਤ੍ਰਾਸਦੀ ਨਾਲ ਜੂਝ ਰਿਹਾ ਹੈ ਅਤੇ ਲੋਕੀ ਆਪਣੇ ਜਾਨ ਮਾਲ ਦੀ ਰੱਖਿਆ ਲਈ ਸੰਘਰਸ਼ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਰਹਿਮਾਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮਗਰੀ ਦਾ ਭਰਿਆ ਟਰੱਕ ਕੀਤਾ ਰਵਾਨਾ ਅਗਲੀ ਖ਼ਬਰ ਬੜੀ ਦੇ ਗੁਰਪ੍ਰੀਤ ਸਿੰਘ ਨੇ ਬਿਨਾਂ ਪੈਟਰੋਲ ਤੋਂ ਚੱਲਣ ਵਾਲੀ ਸਪਲੈਂਡਰ ਕੀਤੀ ਤਿਆਰ , ਇਲਾਕੇ 'ਚ ਚਰਚਾ <br/>
Ad Position 24