ਲੌਂਗੋਵਾਲ, 2 ਸਤੰਬਰ (ਸ. ਸ. ਖੰਨਾ) - ਪੰਜਾਬ ਦੇ ਵਿਚ ਬੀਤੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੈ ਉਥੇ ਹੀ ਕਸਬਾ ਲੌਂਗੋਵਾਲ ਵਿਚੋਂ ਲੰਘ ਰਹੀ ਬਹਾਦਰ ਸਿੰਘ ਵਾਲਾ ਡਰੇਨ ਵਿਚ ਡਿੱਗੇ ਸੁੱਕੇ ਦਰਖ਼ਤ ਅਤੇ ਜਲ ਬੂਟੀ ਦੇ ਕਾਰਨ ਲੱਗੀਆਂ ਡੱਫਾਂ ਨੂੰ ਹਟਾਉਣ ਲਈ ਪਿਛਲੇ ਤਿੰਨ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਡਰੇਨ ਵਿਭਾਗ ਦੇ ਅਧਿਕਾਰੀਆਂ ਕੋਲ ਗੇੜੇ ਮਾਰ ਰਹੇ ਸਨ ਪਰ ਕਿਸਾਨਾਂ ਦੀ ਕੋਈ ਸੁਣਵਾਈ ਨਾ ਹੋਣ ਦੇ ਕਾਰਨ ਅੱਕੇ ਕਿਸਾਨਾਂ ਨੇ ਸਬ ਤਹਿਸੀਲ ਲੌਂਗੋਵਾਲ ਨਾਇਬ ਤਹਿਸੀਲਦਾਰ ਦੇ ਮੁੱਖ ਦਫ਼ਤਰ ਅੱਗੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਡਕੋਂਦਾ, ਬੀਕੇਯੂ ਏਕਤਾ ਆਜ਼ਾਦ ਅਤੇ ਉਗਰਾਹਾਂ ਜਥੇਬੰਦੀ ਦੇ ਆਗੂ ਤੇ ਵਰਕਰ ਸ਼ਾਮਿਲ ਸਨ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜੇਕਰ ਹੁਣ ਡਰੇਨ ਦੀ ਸਫ਼ਾਈ ਨਾ ਹੋਈ ਤਾਂ ਪਿੱਛੋਂ ਪਾਣੀ ਜ਼ਿਆਦਾ ਆਉਣ ਦੇ ਨਾਲ ਡਰੇਨ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ | ਪਹਿਲਾਂ ਬੜੀ ਮੁਸ਼ਕਿਲ ਨਾਲ ਲੋਕਾਂ ਨੇ ਆਪ ਹਿੰਮਤ ਕਰਕੇ ਡਰੇਨ ਨੂੰ ਟੁੱਟਣ ਤੋਂ ਕਿਸਾਨਾਂ ਨੇ ਆਪਣੇ ਆਪ ਪ੍ਰਬੰਧ ਕਰਕੇ ਬਚਾ ਕੇ ਰੱਖਿਆ | ਉਨ੍ਹਾਂ ਕਿਹਾ ਕਿ ਡਰੇਨ ਵਿਭਾਗ ਅਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਰਬਾਦ ਹੋ ਰਹੀ ਹੈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਬੀਕੇਯੂ ਆਜ਼ਾਦ ਦੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਤੇ ਡਕੋਦਾ ਦੇ ਆਗੂ ਭੋਲਾ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |