ਧੂਰੀ, 2 ਸਤੰਬਰ (ਲਖਵੀਰ ਸਿੰਘ ਧਾਂਦਰਾ) - ਪੰਜਾਬ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਸਾਡਾ ਫ਼ਰਜ਼ ਹੈ ਫਿਰ ਭਾਵੇਂ ਉਹ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹੋਣ ਜਾਂ ਪ੍ਰਾਈਵੇਟ ਸਕੂਲਾਂ ਵਿਚ | ਇਹ ਪ੍ਰਗਟਾਵਾ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਚੰਡੀਗੜ੍ਹ ਵਿਚ ਹੋਏ ਇੱਕ ਸਿੱਖਿਆ ਸੰਮੇਲਨ ਵਿਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਇੱਕ ਚਰਚਾ ਚੱਲੀ ਜਿੱਥੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਅਤੇ ਮੈਂਬਰ ਪਾਰਲੀਮੈਂਟ ਸ. ਸਤਨਾਮ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਪਹੁੰਚੇ | ਇਸ ਮੌਕੇ ਸ. ਸਤਨਾਮ ਸਿੰਘ ਸੰਧੂ ਜੀ ਨੇ ਸਿੱਖਿਆ ਨਾਲ ਜੁੜੀਆਂ ਹੋਈਆਂ ਸ਼ਖ਼ਸੀਅਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਜਿਹੜੇ ਸਰਕਾਰੀ ਸਕੂਲਾਂ ਵਿਚ ਹੜ੍ਹਾਂ ਕਾਰਨ ਨੁਕਸਾਨ ਹੋਏ ਹਨ ਉਨ੍ਹਾਂ ਸਕੂਲਾਂ ਦੀ ਸਹਾਇਤਾ ਲਈ ਆਪਾਂ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਵਲੋਂ ਨਿੱਜੀ ਤੌਰ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ | ਇਸ ਐਲਾਨ ਤੋਂ ਉਪਰੰਤ ਡਾ. ਜਗਜੀਤ ਸਿੰਘ ਧੂਰੀ ਨੇ ਫੈਡਰੇਸ਼ਨ ਵਲੋਂ ਸਤਨਾਮ ਸਿੰਘ ਸੰਧੂ ਜੀ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਪੰਜ ਲੱਖ ਰੁਪਏ ਦਾ ਫ਼ੰਡ ਸ. ਹਰਜੋਤ ਸਿੰਘ ਜੀ ਰਾਹੀਂ ਸਰਕਾਰੀ ਸਕੂਲਾਂ ਨੂੰ ਦੇਣ ਦਾ ਐਲਾਨ ਕੀਤਾ | ਜ਼ਿਕਰਯੋਗ ਹੈ ਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਦੀਆਂ ਮੀਹਾਂ ਕਾਰਨ ਕੰਧਾਂ ਢਹਿ ਗਈਆਂ ਹਨ ਜਿਸ ਕਾਰਨ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਪੜ੍ਹਨ ਵਿਚ ਪਰੇਸ਼ਾਨੀ ਹੋਵੇਗੀ | ਡਾਕਟਰ ਧੂਰੀ ਦਾ ਕਹਿਣਾ ਹੈ ਕਿ ਫੈਡਰੇਸ਼ਨ ਅਤੇ ਆਪਣਾ ਪੰਜਾਬ ਫਾਊਾਡੇਸ਼ਨ ਪੰਜਾਬ ਦੀ ਸਿੱਖਿਆ ਵਾਤਾਵਰਨ ਅਤੇ ਸਿਹਤ ਨੂੰ ਲੈ ਕੇ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ | ਫੈਡਰੇਸ਼ਨ ਅਤੇ ਫਾਊਾਡੇਸ਼ਨ ਵਲੋਂ ਲਗਾਤਾਰ ਕੈਂਸਰ ਚੈੱਕ ਅੱਪ ਕੈਂਪ, ਬਨਾਉਟੀ ਅੰਗਾਂ ਦੇ ਕੈਂਪ, ਮਿਸ਼ਨ ਫ਼ਤਿਹ ਵਰਗੀਆਂ ਕੋਸ਼ਿਸ਼ਾਂ ਰਾਹੀਂ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ | ਇਹ ਵੀ ਜ਼ਿਕਰਯੋਗ ਹੈ ਕਿ ਸਕੂਲੀ ਵਿਦਿਆਰਥੀਆਂ ਦੀ ਮਦਦ ਨਾਲ ਹਰ ਸਾਲ ਲੱਖਾਂ ਪੌਦੇ ਲਗਾਏ ਜਾਂਦੇ ਹਨ | ਡਾਕਟਰ ਧੂਰੀ ਵਲੋਂ ਮੌਕੇ ਤੇ ਹਾਜ਼ਰ ਭੁਪਿੰਦਰ ਸਿੰਘ ਅਤੇ ਅਨਿਲ ਮਿੱਤਲ ਦੀ ਡਿਊਟੀ ਲਗਾਈ ਕਿ ਉਹ ਪੂਰੇ ਪੰਜਾਬ ਵਿਚ ਜਾਇਜ਼ਾ ਲੈਣ ਕਿ ਕਿਹੜੇ ਸਰਕਾਰੀ ਸਕੂਲਾਂ ਦਾ ਨੁਕਸਾਨ ਹੋਇਆ ਹੈ ਤਾਂ ਜੋ ਉਥੇ ਪਹੁੰਚ ਕੇ ਮਦਦ ਲਈ ਰਾਸ਼ੀ ਦਿੱਤੀ ਜਾਵੇ |