ਸੰਗਰੂਰ, 2 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾਕਟਰ ਮੱਖਣ ਸਿੰਘ ਨੇ ਕਿਹਾ ਕਿ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਰਾਜ ਦੇ ਕਈ ਜ਼ਿਲ੍ਹੇ ਹੜ੍ਹਾਂ ਦਾ ਪ੍ਰਕੋਪ ਝੱਲ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਹੜ੍ਹਾਂ ਨਾਲ ਨਜਿੱਠਣ ਲਈ ਨੀਤੀ ਅਵੇਸਲੀ ਹੈ ਅਤੇ ਹੜ੍ਹਾਂ ਨੂੰ ਰੋਕਣ ਲਈ ਸਮੇਂ ਸਿਰ ਉਪਰਾਲੇ ਵੀ ਨਹੀਂ ਕੀਤੇ | ਰਾਜਸਥਾਨ ਨੂੰ ਜਾਂਦੀ ਨਹਿਰ ਬਿਲਕੁਲ ਬੰਦ ਹੈ ਅਤੇ ਹੜ੍ਹਾਂ ਦਾ ਸਾਰਾ ਪਾਣੀ ਰਾਜਸਥਾਨ ਭੇਜਿਆ ਜਾ ਸਕਦਾ ਸੀ ਜਿਸ ਉੱਪਰ ਕੰਮ ਨਹੀ ਹੋਇਆ | ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੇ ਬਚਾਓ ਕਾਰਜਾਂ ਇੱਕ ਢਿੱਲ ਮੱਠ ਇੰਨੀ ਜ਼ਿਆਦਾ ਚੱਲ ਰਹੀ ਹੈ ਕਿ ਹਾਲੇ ਤੱਕ ਵੀ ਬਹੁਤੇ ਲੋਕ ਬਿਪਤਾ ਵਿਚ ਹੀ ਲੰਘ ਰਹੇ ਹਨ | ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਹਤ ਕਾਰਜ ਕਰਨ ਦੀ ਸਲਾਹ ਦਿੰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਘੱਟੋ-ਘੱਟ 50 ਹਾਜ਼ਰ ਪ੍ਰਤੀ ਏਕੜ ਫ਼ਸਲ ਦਾ ਮੁਆਵਜ਼ਾ, ਇੱਕ ਲੱਖ ਰੁਪਏ ਗਾਂ-ਮੱਝ ਦਾ ਮੁਆਵਜ਼ਾ, ਜਿਸ ਵਿਅਕਤੀ ਦਾ ਘਰ ਢਹਿ ਗਿਆ ਹੈ, ਉਸ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਕਿਰਤੀ ਪਰਿਵਾਰ ਨੂੰ ਘੱਟੋ-ਘੱਟ 10 ਲੱਖ ਦਾ ਮੁਆਵਜ਼ਾ ਦੇਣਾ ਬਣਦਾ ਹੈ | ਇਸ ਮੌਕੇ ਸਤਿਗੁਰ ਕੌਹਰੀਆ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਗੁਰਮੇਲ ਸਿੰਘ ਰੰਗੀਲਾ, ਰਾਮ ਕਿ੍ਸ਼ਨ ਸਿੰਘ, ਨਿਰਮਲ ਸਿੰਘ ਮੱਟੂ, ਪਵਿੱਤਰ ਸਿੰਘ ਹਾਜ਼ਰ ਸਨ |