ਮੂਨਕ, 2 ਸਤੰਬਰ (ਵਰਿੰਦਰ ਭਾਰਦਵਾਜ) - ਬੀਤੇ ਦਿਨਾਂ ਤੋਂ ਪਹਾੜੀ ਤੇ ਮੈਦਾਨੀ ਇਲਾਕਿਆਂ ਵਿਚ ਪੈ ਰਹੀ ਭਾਰੀ ਬਰਸਾਤ ਕਾਰਨ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਦੀ ਥਾਂ 'ਤੇ ਬੀਤੀ ਰਾਤ ਤੋਂ ਮੁੜ ਵਧਣਾ ਸ਼ੁਰੂ ਹੋ ਗਿਆ ਹੈ, ਮੂਨਕ ਇਲਾਕੇ ਵਿਚ ਪਈ ਭਾਰੀ ਬਰਸਾਤ ਕਾਰਨ ਨੀਵੀਂਆਂ ਥਾਵਾਂ ਅਤੇ ਘੱਗਰ ਦਰਿਆ ਦੇ ਕਿਨਾਰਿਆਂ ਦੀ ਰੋਕ ਲੱਗਣ ਵਾਲੀਆਂ ਥਾਵਾਂ ਦੇ ਖੇਤਾਂ ਵਿਚ ਬਰਸਾਤ ਦਾ ਪਾਣੀ ਜਮਾ ਹੋਣ ਕਾਰਨ ਵੱਡੇ ਪੱਧਰ ਤੇ ਝੋਨੇ ਦੀ ਫ਼ਸਲ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਖ਼ਰਾਬ ਹੋਣ ਕਿਨਾਰੇ ਖੜ੍ਹੀ ਹੈ ਅਤੇ ਪਿੰਡ ਮਕੋਰੜ ਸਾਹਿਬ ਵਾਲੇ ਰਸਤੇ ਤੇ ਬਣੇ ਸਾਈਫਨਾ ਵਿਚ ਗੋਡੇ ਗੋਡੇ ਪਾਣੀ ਜਮ੍ਹਾ ਹੋ ਜਾਣ ਕਾਰਨ ਰਸਤਾ ਬਿਲਕੁਲ ਬੰਦ ਹੋ ਚੁੱਕਿਆ ਹੈ | ਪਰ ਘੱਗਰ ਦਰਿਆ ਦੇ ਮੌਜੂਦਾ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਫ਼ਸਲਾਂ 'ਚ ਜਮਾ ਹੋਇਆ ਪਾਣੀ ਘੱਗਰ ਦਰਿਆ 'ਚ ਨਾ ਪੈਣ ਕਾਰਨ ਬਰਸਾਤ ਦੇ ਪਾਣੀ ਨਾਲ ਵੱਖ-ਵੱਖ ਥਾਵਾਂ 'ਤੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਡੁੱਬਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਦੂਜੇ ਭਾਰੀ ਬਰਸਾਤ ਦੇ ਪੈਣ ਨਾਲ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਦੀ ਥਾਂ ਤੇ ਮੁੜ ਵਧਣ ਨਾਲ ਲੋਕਾਂ ਦੀਆਂ ਚਿੰਤਾਵਾਂ ਵਿਚ ਭਾਰੀ ਇਜ਼ਾਫਾ ਹੋਇਆ ਹੈ | ਪਹਾੜਾਂ ਵਿਚ ਪਈ ਭਾਰੀ ਬਰਸਾਤ ਕਾਰਨ ਹਿਮਾਚਲ ਪ੍ਰਦੇਸ਼, ਹਰਿਆਣਾ ਤੋਂ ਲੈ ਕੇ ਪੰਜਾਬ ਤੱਕ ਉਫਾਨ ਵਿਚ ਆਈਆਂ ਸਹਾਇਕ ਨਦੀਆਂ ਨਾਲਿਆਂ ਦਾ ਪਾਣੀ ਘੱਗਰ ਦਰਿਆ ਵਿਚ ਛੱਡਣ ਨਾਲ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਣ ਨਾਲ ਕਿਸਾਨਾਂ ਨੂੰ ਪਿਛਲੇ ਸਾਲਾਂ ਵਿਚ ਹੜ੍ਹਾਂ ਨਾਲ ਹੋਏ ਤਬਾਹੀ ਦੇ ਮੰੁਜਰ ਦੀਆਂ ਤਸਵੀਰਾਂ ਯਾਦ ਆਉਣ ਲੱਗ ਜਾਂਦੀਆਂ ਹਨ | ਮੌਸਮ ਵਿਭਾਗ ਵਲੋਂ ਦੱਸੀ ਗਈ ਭਾਰੀ ਬਰਸਾਤ ਅਤੇ ਸੂਬੇ ਵਿਚ ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਘੱਗਰ ਦਰਿਆ ਦੇ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ | ਸਵੇਰੇ ਤੋਂ ਹੀ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਕਾਫ਼ੀ ਤੇਜ਼ੀ ਨਾਲ ਵੱਧ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ | ਪ੍ਰਸ਼ਾਸਨ ਭਾਵੇਂ ਰਾਹਤ ਕਾਰਜਾਂ ਵਿਚ ਲੱਗਿਆ ਹੋਇਆ ਹੈ ਪ੍ਰੰਤੂ ਫਿਰ ਵੀ ਘੱਗਰ ਨੇੜਲੇ ਖੇਤਾਂ ਦੇ ਕਿਸਾਨ ਬਰਸਾਤ ਕਾਰਨ ਬੰਨ੍ਹਾਂ 'ਤੇ ਪਏ ਘਾਰਿਆਂ ਤੇ ਕਮਜ਼ੋਰ ਬੰਨ੍ਹਾਂ 'ਤੇ ਖ਼ੁਦ ਮਿੱਟੀ ਦੇ ਥੈਲੇ ਭਰ ਕੇ ਲਗਾ ਰਹੇ ਹਨ ਤਾਂ ਕਿ ਘੱਗਰ ਦਰਿਆ ਦੇ ਬੰਨ੍ਹ 'ਚ ਪਾੜ ਨਾ ਪਵੇ | ਖਨੌਰੀ ਸਥਿਤ ਬੁਰਜੀ ਆਰ ਡੀ 460 'ਤੇ ਲੱਗੇ ਸਰਕਾਰੀ ਮਾਪਦੰਡ ਅਨੁਸਾਰ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਸਵੇਰੇ ਛੇ ਵਜੇ 746-00 ਸੀ ਅਤੇ ਸ਼ਾਮ ਛੇ ਵਜੇ 747-01ਤੇ ਚੱਲ ਰਿਹਾ ਹੈ, ਇਸ ਮਾਪਦੰਡ ਅਨੁਸਾਰ 12 ਘੰਟਿਆਂ ਦੌਰਾਨ 1-1 ਦਾ ਵਾਧਾ ਹੋਇਆ ਹੈ ਜਦਕਿ ਖ਼ਤਰੇ ਦਾ ਨਿਸ਼ਾਨ 748 ਫੁੱਟ ਤੇ ਹੁੰਦਾ ਹੈ ਹੁਣ ਪਾਣੀ ਖ਼ਤਰੇ ਦੇ ਨਿਸ਼ਾਨ ਤੋ ਮਾਤਰ ਇੱਕ ਪੁਆਇੰਟ ਥੱਲੇ ਹੀ ਚੱਲ ਰਿਹਾ ਹੈ |