ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਹੜ੍ਹਾਂ ਦੌਰਾਨ ਹੋਇਆ ਵਧੇਰੇ ਨੁਕਸਾਨ - ਦਾਮਨ ਥਿੰਦ ਬਾਜਵਾ
ਅਜੀਤ ਡੈਸਕ
03-09-2025
ਮੂਨਕ, 2 ਸਤੰਬਰ (ਵਰਿੰਦਰ ਭਾਰਦਵਾਜ) - ਪੰਜਾਬ ਭਰ ਵਿਚ ਭਾਰੀ ਮੀਂਹ ਦੀਆਂ ਅਗਾਊਾ ਚਿਤਾਵਨੀਆਂ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਪਹਿਲਾਂ ਤੋਂ ਸਹੀ ਤੇ ਢੁਕਵੇਂ ਪ੍ਰਬੰਧ ਨਹੀਂ ਕਰ ਸਕੀ ਜਿਸ ਕਰਕੇ ਅੱਜ ਪੰਜਾਬ ਵਿਚ ਹੜ੍ਹਾਂ ਕਾਰਨ ਮਾਰੂ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਅਤੇ ਪਿੰਡਾਂ ਦੇ ਪਿੰਡ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਏ ਹਨ ਜਦਕਿ ਘੱਗਰ ਦਰਿਆ ਦੇ ਬੰਨ੍ਹਾਂ ਦੀ ਸਥਿਤੀ ਵੀ ਕਈ ਥਾਵਾਂ ਤੋਂ ਨਾਜ਼ੁਕ ਬਣੀ ਹੋਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਸ੍ਰੀਮਤੀ ਦਾਮਨ ਥਿੰਦ ਬਾਜਵਾ ਪਿੰਡ ਮਕੋਰੜ ਸਾਹਿਬ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਾਰਨ ਉਪਰੰਤ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਘੱਗਰ ਦਰਿਆ ਹਾਲੇ ਕੁੱਝ ਕਾਇਮ ਹੈ ਪਰ ਬੰਨ੍ਹਾਂ ਦੀ ਮੁਰੰਮਤ ਨਾ ਹੋਣ ਕਰਕੇ ਸਥਿਤੀ ਕਈ ਥਾਵਾ ਤੋਂ ਨਾਜ਼ੁਕ ਬਣੀ ਹੋਈ ਹੈ, ਜਦਕਿ ਸੂਬਾ ਸਰਕਾਰ ਤੇ ਸਬੰਧਿਤ ਵਿਭਾਗ ਨੂੰ ਹੜ੍ਹਾਂ ਤੋਂ ਪਹਿਲਾਂ ਹੀ ਨਿਕਾਸੀ ਦੀ ਢੁਕਵੀਂ ਤਿਆਰੀ ਅਤੇ ਘੱਗਰ ਸਮੇਤ ਬਰਸਾਤੀ ਨਾਲਿਆਂ ਦੀ ਸਫ਼ਾਈ ਕਰਵਾ ਲੈਣੀ ਚਾਹੀਦੀ ਸੀ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗਿ੍ਹ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਫ਼ੋਨ ਤੇ ਗੱਲਬਾਤ ਕਰਕੇ ਪੰਜਾਬ ਦੇ ਹਾਲਤਾਂ ਬਾਰੇ ਜਾਣਕਾਰੀ ਲਈ ਅਤੇ ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਦਾ ਕੇਂਦਰੀ ਟੀਮ ਜਲਦੀ ਹੀ ਦੌਰਾ ਕਰੇਗੀ | ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਆਗੂ ਕੇਵਲ ਤੇ ਕੇਵਲ ਫ਼ੋਟੋਆਂ ਖਿਚਵਾਉਣ ਤੇ ਘਪਲੇਬਾਜ਼ੀ ਦੀ ਰਾਜਨੀਤੀ ਤੱਕ ਹੀ ਸੀਮਤ ਹਨ ਜਦਕਿ ਮੌਜੂਦਾ ਸਰਕਾਰ ਨੂੰ ਇਸ ਅÏਖੀ ਘੜੀ ਵਿਚ ਲੋਕਾਂ ਦੀ ਡਟ ਕੇ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ, ਭਾਜਪਾ ਮੰਡਲ ਪ੍ਰਧਾਨ ਸੁਰੇਸ਼ ਰਾਠੀ ਬੰਗਾਂ, ਜੈਪਾਲ ਸੈਣੀ ਸੀਨੀਅਰ ਭਾਜਪਾ ਆਗੂ, ਸੱਤ ਪਾਲ ਸਿੰਗਲਾ ਸਾਬਕਾ ਚੇਅਰਮੈਨ ਪੰਜਾਬ ਐਗਰੋ, ਰਾਂਝਾ ਬਖ਼ਸ਼ੇ ਉਪ ਪ੍ਰਧਾਨ ਐਸਸੀ ਮੋਰਚਾ ਪੰਜਾਬ, ਹਿੰਮਤ ਸਿੰਘ ਮਕੋਰੜ ਸਾਹਿਬ ਜ਼ਿਲ੍ਹਾ ਉਪ ਪ੍ਰਧਾਨ ਯੁਵਾ ਮੋਰਚਾ, ਸੁਲੱਖਣ ਮਕੋਰੜ ਸਾਹਿਬ, ਪਾਲਾ ਸਿੰਘ ਸ਼ੇਰਗੜ੍ਹ, ਪਾਲ ਚੌਧਰੀ, ਪਹਿਲ ਸਿੰਘ ਗੁੱਜਰ, ਪਰਵਾਨਾ ਸਿੰਘ ਬੁਸਹਿਰਾ, ਮੋਹਨ ਗੁੱਜਰ, ਬਲਕਾਰ ਥਿੰਦ, ਪ੍ਰਗਟ ਥਿੰਦ, ਨਿਧਾਨ ਥਿੰਦ, ਲਖਵਿੰਦਰ ਸਿੰਘ ਮਹਾਂ ਸਿੰਘ ਵਾਲਾ, ਕਾਲੂ ਵਿਰਕ ਤੇ ਧੰਨਾ ਰਾਮ ਆਦਿ ਮੌਜੂਦ ਸਨ |