ਸੈਂਕੜੇ ਪਿੰਡਾਂ ਅਤੇ ਕਈ ਸ਼ਹਿਰਾਂ ਨੂੰ ਜੋੜਦੀ ਰਾਏਕੋਟ ਸੜਕ 'ਤੇ ਵੱਡੇ ਵੱਡੇ ਟੋਏ ਪੈਣ ਨਾਲ ਪੰਜ ਆਟੋ ਰਿਕਸ਼ਾ ਪਲਟੇ
ਅਜੀਤ ਡੈਸਕ
03-09-2025
ਮਲੇਰਕੋਟਲਾ, 2 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਰੇਲਵੇ ਲਾਈਨ ਉੱਪਰੋਂ ਦੀ ਬਣੇ ਹੋਏ ਰਾਏਕੋਟ ਪੁਲ ਮਲੇਰਕੋਟਲਾ ਤੋਂ ਲੈ ਕੇ ਕੈਂਚੀਆਂ ਤੱਕ ਬਣੀ ਸੜਕ ਜੋ ਕਿ ਸੈਂਕੜਿਆਂ ਹੀ ਪਿੰਡਾਂ ਅਤੇ ਕਈ ਸ਼ਹਿਰਾਂ ਦੀ ਆਵਾਜਾਈ ਨੂੰ ਪਿੰਡਾਂ ਅਤੇ ਸ਼ਹਿਰਾਂ ਨਾਲ ਜੋੜਦੀ ਹੈ, ਦਾ ਐਨਾ ਭੈੜਾ ਅਤੇ ਬੁਰਾ ਹਾਲ ਹੋ ਚੁੱਕਿਆ ਹੈ ਕਿ ਇੱਥੋਂ ਦੀ ਗੁਜ਼ਰਨ ਵਾਲੀ ਆਵਾਜਾਈ ਨੂੰ ਵੱਡੀਆਂ ਵੱਡੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਲੇਰਕੋਟਲੇ ਦਾ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਇੱਥੋਂ ਦੀ ਲੰਘਣ ਵਾਲੇ ਲੋਕ ਫੱਟੜ ਹੋ ਰਹੇ ਹਨ ਅਤੇ ਉਨ੍ਹਾਂ ਦੇ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ | ਗਰੀਬ ਮਜ਼ਦੂਰ ਤੋਂ ਇਲਾਵਾ ਹਰ ਵਰਗ ਪਰੇਸ਼ਾਨ ਹੈ | ਅੱਜ 5 ਈ-ਰਿਕਸ਼ੇ ਡੂੰਘੇ ਟੋਇਆ ਵਿਚ ਡਿੱਗ ਕੇ ਪਲਟ ਗਏ ਪਰ ਸਵਾਰੀਆਂ ਵਾਲ ਵਾਲ ਬਚ ਗਈਆਂ | ਕਈ ਆਟੋ ਚਾਲਕਾਂ ਦੇ ਤਾਂ ਮਮੂਲੀ ਸੱਟਾਂ ਵੀ ਲੱਗੀਆਂ | ਇਕ ਆਟੋ ਚਾਲਕ ਆਪਣੇ ਆਟੋ ਵਿਚ ਟਾਈਲਾਂ ਅਤੇ ਹੋਰ ਸਮਗਰੀ ਛੱਡਣ ਜਾ ਰਿਹਾ ਸੀ ਤਾਂ ਉਸ ਦਾ ਆਟੋ ਪਲਟ ਗਿਆ ਆਟੋ ਪਲਟਨ ਦੇ ਕਾਰਨ ਉਸ ਵਿਚ ਲੱਦੀਆਂ ਗਈਆਂ ਟਾਇਲਾਂ ਅਤੇ ਸਾਰੀ ਸਮਗਰੀ ਪਾਣੀ ਦੇ ਵਿਚ ਡਿੱਗ ਗਈ | ਉੱਥੇ ਮੌਕੇ 'ਤੇ ਮੌਜੂਦ ਲੋਕਾਂ ਨੇ ਆਟੋ ਰਿਕਸ਼ਾ ਵਾਲੇ ਦੀ ਮਦਦ ਕੀਤੀ | ਜਦੋਂ ਇਹ ਸਾਰੇ ਮਸਲੇ ਸਬੰਧੀ ਡੇਰਾ ਉਦਾਸੀਨ ਆਸ਼ਰਮ ਇਮਾਮਗੜ੍ਹ ਦੇ ਮੁਖੀ ਮਹੰਤ ਹਰਪਾਲ ਦਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਇਕ ਗਰੀਬ ਵਿਅਕਤੀ ਆਪਣੇ ਆਟੋ ਵਿਚ ਟਾਈਲਾਂ ਅਤੇ ਹੋਰ ਸਮਗਰੀ ਲੱਦ ਕੇ ਗੁਜਰ ਰਿਹਾ ਸੀ ਤਾਂ ਉਸ ਦਾ ਆਟੋ ਭਾਰੀ ਮੀਹ ਪੈਣ ਕਾਰਨ ਅਤੇ ਸੜਕ ਵਿਚ ਪਏ ਵੱਡੇ ਵੱਡੇ ਟੋਇਆ ਕਾਰਨ ਨੁਕਸਾਨਿਆ ਗਿਆ ਹੈ ਅਤੇ ਗਰੀਬ ਵਿਅਕਤੀ ਇਸ ਦੀ ਭਰਭਾਈ ਕਿਵੇਂ ਕਰੇਗਾ | ਉਨ੍ਹਾਂ ਮਲੇਰਕੋਟਲਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਏਕੋਟ ਸੜਕ ਦਾ ਐਨਾ ਬੁਰਾ ਹਾਲ ਹੈ ਕਿ ਜਿਸ ਉੱਤੋਂ ਦੀ ਲੰਘਣ ਲੱਗਿਆਂ ਵੀ ਖ਼ੌਫ਼ ਆਉਂਦਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਹੋਰ ਸਾਰੇ ਕੰਮਾਂ ਨੂੰ ਪਿੱਛੇ ਛੱਡ ਕੇ ਰਾਏਕੋਟ ਨੂੰ ਰੋਡ ਨੂੰ ਪਹਿਲ ਦੇ ਆਧਾਰ ਤੇ ਬਣਾਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਰਾਏਕੋਟ ਸੜਕ 'ਤੇ ਮਲੇਰਕੋਟਲਾ ਪ੍ਰਸ਼ਾਸਨ ਵਲੋਂ ਸਿਰਫ਼ ਥੋੜੀ ਜਿਹੀ ਥਾਂ 'ਤੇ ਹੀ ਟਾਈਲਾਂ ਲਗਾ ਕੇ ਹੀ ਬੁੱਤਾ ਸਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਮਲੇਰਕੋਟਲਾ ਸ਼ਹਿਰ ਆਉਂਦੇ ਹਾਂ ਤਾਂ ਸ਼ਹਿਰ ਦੇ ਹਾਲਾਤ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਦਾ ਹੈ | ਉਧਰ ਜਦੋਂ ਇਸ ਸਾਰੇ ਮਸਲੇ ਸਬੰਧੀ ਵਾਤਾਵਰਨ ਪ੍ਰੇਮੀ ਅਤੇ ਦਸਮੇਸ਼ ਕੰਬਾਈਨ ਰਾਏਕੋਟ ਰੋਡ ਮਲੇਰਕੋਟਲਾ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਮਲੇਰਕੋਟਲਾ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਰਾਏਕੋਟ ਸੜਕ ਨੂੰ ਜਲਦ ਤੋਂ ਜਲਦ ਚੌੜਾ ਕਰ ਕੇ ਬਣਾਇਆ ਜਾਣਾ ਚਾਹੀਦਾ ਹੈ ਅਤੇ ਰਾਏਕੋਟ ਪੁਲ ਤੋਂ ਲੈ ਕੇ ਸੂਏ ਤੱਕ ਇਸ ਦੇ ਵਿਚਕਾਰ ਡਿਵਾਈਡਰ ਲਗਾਏ ਜਾਣ |