15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਵਾਨੀਗੜ੍ਹ ਇਲਾਕੇ ਵਿਚ ਝੋਨੇ 'ਤੇ ਬੌਨਾ ਰੋਗ ਦਾ ਹਮਲਾ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਭਵਾਨੀਗੜ੍ਹ, 2 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਇਲਾਕੇ ਦੇ ਪਿੰਡਾਂ ਵਿਚ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ ਹੋਈ ਹੈ, ਉੱਥੇ ਹੀ ਕਈ ਪਿੰਡਾਂ ਦੇ ਖੇਤਾਂ ਵਿਚ ਝੋਨੇ ਦੀ ਫ਼ਸਲ ਨੂੰ ਬੌਨਾ ਰੋਗ (ਸਦਰਨ ਰਾਇਸ ਬਲੈਕ ਸਟਰੀਕਡ ਡਵਾਰਫ ਵਾਇਰਸ) ਦਾ ਹਮਲਾ ਹੋਣ ਕਾਰਨ ਝੋਨੇ ਦੇ ਬੂਟੇ ਦੂਜਿਆਂ ਦੇ ਮੁਕਾਬਲੇ ਛੋਟੇ ਹੋ ਕੇ ਖ਼ਤਮ ਹੋ ਰਹੇ ਹਨ | ਇਸ ਸਬੰਧੀ ਕਿਸਾਨ ਸਾਬਕਾ ਸਰਪੰਚ ਧਨਮਿੰਦਰ ਸਿੰਘ ਭੱਟੀਵਾਲ ਖ਼ੁਰਦ, ਹਰਵਿੰਦਰ ਸਿੰਘ ਪੰਚ, ਜਸਵੀਰ ਸਿੰਘ, ਬਲਵੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੇ ਪੀ.ਆਰ 131, ਪੀ.ਆਰ 136 ਅਤੇ ਪੂਸਾ 44 ਬੀਜਾਂ 'ਤੇ ਇਸ ਰੋਗ ਨੇ ਹਮਲਾ ਕੀਤਾ ਹੈ | ਪਿੰਡ ਭੱਟੀਵਾਲ ਖ਼ੁਰਦ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਬੌਨਾ ਰੋਗ ਨਾਲ ਹਰਵਿੰਦਰ ਸਿੰਘ ਅਤੇ ਧਨਮਿੰਦਰ ਸਿੰਘ ਦੀ 10 ਏਕੜ, ਜਸਵੰਤ ਸਿੰਘ 5 ਏਕੜ, ਦਰਸ਼ਨ ਸਿੰਘ ਅਤੇ ਬਲਕਾਰ ਸਿੰਘ 2-2 ਏਕੜ ਫ਼ਸਲ ਖ਼ਤਮ ਹੋ ਜਾਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਉਹ ਝੋਨੇ ਦੀ ਨਿਸਰਣ 'ਤੇ ਆਈ ਫ਼ਸਲ ਨੂੰ ਵਾਹੁਣ ਵਾਰੇ ਸੋਚ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਰੋਗ ਤੋਂ ਝੋਨੇ ਨੂੰ ਬਚਾਉਣ ਲਈ ਉਨ੍ਹਾਂ ਵਲੋਂ ਮਹਿੰਗੀਆਂ ਦਵਾਈਆਂ ਦਾ ਛਿੜਕਾਅ ਵੀ ਕੀਤਾ ਗਿਆ ਪਰ ਸਭ ਕੁਝ ਬੇਅਰਥ ਹੋ ਗਿਆ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੀ 8 ਏਕੜ ਝੋਨਾ ਬੌਨਾ ਰੋਗ ਦੀ ਭੇਟ ਚੜ੍ਹ ਚੁੱਕਿਆ ਹੈ, ਜਿਸ ਨੂੰ ਬਚਾਉਣ ਲਈ ਤੇਲਾ ਰੋਗ ਦੀਆਂ ਦਵਾਈਆਂ ਦਾ ਛਿੜਕਾਅ ਕਰ ਕੇ ਝੋਨੇ ਨੂੰ ਬਚਾਉਣ ਦੇ ਯਤਨ ਜਾਰੀ ਹਨ, ਪਰ ਫ਼ਸਲ ਦਾ ਰੋਗ ਦਿਨੋਂ ਦਿਨ ਵਧਣ ਕਾਰਨ ਖ਼ਤਮ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਕਪਿਆਲ ਵਿਚ ਕਈ ਕਿਸਾਨਾਂ , ਜਿਨ੍ਹਾਂ ਵਿਚੋਂ ਕਈਆਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਝੋਨਾ ਬੀਜਿਆ ਸੀ, ਦਾ ਝੋਨਾ ਇਸ ਰੋਗ ਦੀ ਮਾਰ ਹੇਠ ਆਉਣ ਕਾਰਨ ਕਿਸਾਨ ਆਰਥਿਕ ਮੰਦਹਾਲੀ ਦੇ ਦੌਰ ਵਿਚ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਪਰ ਅਧਿਕਾਰੀ 'ਇਸ ਰੋਗ ਦਾ ਕੋਈ ਇਲਾਜ ਨਹੀਂ' ਕਹਿ ਕੇ ਪੱਲਾ ਝਾੜ ਰਹੇ ਹਨ | ਕਿਸਾਨ ਆਗੂ ਨੇ ਗਿਲਾ ਕਰਦਿਆਂ ਕਿਹਾ ਕਿ ਜਦੋਂ ਝੋਨੇ ਦੀ ਪੀ.ਆਰ 136 ਕਿਸਮ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਰੀ ਕੀਤੇ ਬੀਜਾਂ ਅਨੁਸਾਰ ਬੀਜੀ ਗਈ ਹੈ ਤਾਂ ਉਸ 'ਤੇ ਵੀ ਬੌਨਾ ਰੋਗ ਦਾ ਹਮਲਾ ਹੋਣ 'ਤੇ ਯੂਨੀਵਰਸਿਟੀ ਵਲੋਂ ਹਮਲਾ ਰੋਕਣ ਲਈ ਦਵਾਈਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ, ਜਦੋਂ ਕਿ ਮਹਿੰਗੇ ਭਾਅ ਦਾ ਖਰਚਾ ਕਰ ਕੇ ਲਗਾਏ ਝੋਨੇ ਦੇ ਖ਼ਤਮ ਹੋਣ ਕਾਰਨ ਕਿਸਾਨ ਆਰਥਿਕ ਤੌਰ 'ਤੇ ਹੋਰ ਟੁੱਟ ਜਾਵੇਗਾ | ਇਸ ਸਬੰਧੀ ਖੇਤੀਬਾੜੀ ਬਲਾਕ ਅਫ਼ਸਰ ਡਾ. ਅਨਮੋਲ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਝੋਨੇ ਦੇ ਜਿਹੜੇ ਬੂਟੇ ਸਦਰਨ ਰਾਇਸ ਬਲੈਕ ਸਟਰੀਕਡ ਡਵਾਰਫ ਵਾਇਰਸ ਦਾ ਸ਼ਿਕਾਰ ਹੋ ਗਏ, ਉਹ ਦੂਜੇ ਬੂਟਿਆਂ ਦੇ ਮੁਕਾਬਲੇ ਕਾਮਯਾਬ ਨਹੀਂ ਹੁੰਦੇ, ਇਹ ਰੋਗ ਤੇਲਾ ਪੈਣ ਕਰ ਕੇ ਲਗਦਾ ਹੈ, ਜਿਸ ਦਾ ਕੋਈ ਇਲਾਜ ਨਹੀਂ | ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਨੂੰ ਇਕ ਹੋਰ ਰੋਗ ਬਕਟੀਰੀਆ ਲੀਫ਼ ਬਲਾਈਟ ਨਾਮ ਦੀ ਬਿਮਾਰੀ ਪੈ ਰਹੀ ਹੈ, ਜਿਸ ਨਾਲ ਝੋਨੇ ਦੇ ਬੂਟੇ ਪੀਲੇ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਿਸ ਵੀ ਕਿਸਾਨ ਦੇ ਝੋਨੇ ਦੇ ਬੂਟੇ ਪੀਲੇ ਲਗਦੇ ਹੋਣ ਤਾਂ ਉਹ ਤੁਰੰਤ ਸਾਡੇ ਨਾਲ ਸੰਪਰਕ ਕਰੇ ਤਾਂ ਕਿ ਝੋਨੇ ਨੂੰ ਇਸ ਰੋਗ ਤੋਂ ਬਚਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਪੂਰੀ ਤਰ੍ਹਾਂ ਯਤਨਸ਼ੀਲ - ਪੂਨੀਆ ਅਗਲੀ ਖ਼ਬਰ ਪਿ੍ੰਸ ਗਰਗ ਬਣੇ 'ਆਪ' ਟਰੇਡ ਵਿੰਗ ਦੇ ਹਲਕਾ ਲਹਿਰਾਗਾਗਾ ਕੋਆਰਡੀਨੇਟਰ
Ad Position 24