ਸੁਨਾਮ ਊਧਮ ਸਿੰਘ ਵਾਲਾ, 2 ਸਤੰਬਰ (ਭੁੱਲਰ, ਧਾਲੀਵਾਲ) - ਬਰਸਾਤ ਦੇ ਮੌਸਮ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟਰੇਟ, ਸੁਨਾਮ ਊਧਮ ਸਿੰਘ ਵਾਲਾ, ਸ਼੍ਰੀ ਪ੍ਰਮੋਦ ਸਿੰਗਲਾ ਵਲੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਦੇ ਮੱਦੇਨਜ਼ਰ ਵੱਖੋ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ | ਸ਼੍ਰੀ ਸਿੰਗਲਾ ਨੇ ਦੱਸਿਆ ਕਿ ਦੌਰੇ ਦੌਰਾਨ ਵੱਖ-ਵੱਖ ਪਿੰਡ ਵਾਸੀਆਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਰੁਕਾਵਟ ਮੁੱਖ ਤੌਰ 'ਤੇ ਕੁੱਝ ਪਿੰਡਾਂ/ ਲੋਕਾਂ ਵਲੋਂ ਕੁਦਰਤੀ ਨਾਲਿਆਂ ਜਾਂ ਨਿਕਾਸੀ ਸਾਧਨਾਂ ਉੱਤੇ ਕਬਜ਼ੇ ਜਾਂ ਉਨ੍ਹਾਂ ਨੂੰ ਬੰਦ ਕਰਨ ਕਾਰਨ ਪੈਦਾ ਹੋ ਰਹੀ ਹੈ | ਇਸ ਕਾਰਨ ਪਾਣੀ ਦਾ ਕੁਦਰਤੀ ਵਹਾਅ ਰੁਕ ਜਾਂਦਾ ਹੈ ਅਤੇ ਖੇਤਾਂ ਵਿਚ ਅਤੇ ਘਰਾਂ ਅੰਦਰ ਪਾਣੀ ਖੜ੍ਹਾ ਹੋ ਜਾਂਦਾ ਹੈ | ਪਾਣੀ ਰੁਕਣ ਕਰ ਕੇ ਗਰੀਬ ਲੋਕਾਂ ਦੇ ਮਕਾਨ ਡਿਗਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤਰ੍ਹਾਂ ਦੀ ਸਥਿਤੀ ਨਾਲ ਜਾਨੀ ਨੁਕਸਾਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਗਰੀਬ ਲੋਕਾਂ ਨੂੰ ਵੱਡਾ ਵਿੱਤੀ ਨੁਕਸਾਨ ਵੀ ਝੱਲਣਾ ਪੈਂਦਾ ਹੈ | ਇਸ ਮੁਸ਼ਕਲ ਬਹੁਪੱਖੀ ਮੁਸ਼ਕਲ ਬਣ ਚੁੱਕੀ ਹੈ | ਸ਼੍ਰੀ ਸਿੰਗਲਾ ਨੇ ਸਾਰੀਆਂ ਗ੍ਰਾਮ ਪੰਚਾਇਤਾਂ ਤੇ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਇਕੱਠੇ ਹੋ ਕੇ ਜ਼ਿੰਮੇਵਾਰੀ ਲੈਣ | ਹਰ ਪੰਚਾਇਤ ਨੂੰ ਕਿਹਾ ਗਿਆ ਕਿ ਜਲਦੀ ਤੋਂ ਜਲਦੀ ਗ੍ਰਾਮ ਸਭਾ ਬੁਲਾਈ ਜਾਵੇ ਅਤੇ ਮਤੇ ਪਾਸ ਕੀਤੇ ਜਾਣ ਕਿ ਕੋਈ ਵੀ ਕੁਦਰਤੀ ਜਾਂ ਬਣਾਏ ਨਿਕਾਸੀ ਸਾਧਨ ਉੱਤੇ ਕਿਸੇ ਵੀ ਵਿਅਕਤੀ ਵਲੋਂ ਕਬਜ਼ਾ ਨਾ ਕੀਤਾ ਜਾਵੇ ਜਾਂ ਨਿਕਾਸੀ ਸਾਧਨ ਬੰਦ ਨਾ ਕੀਤੀ ਜਾਵੇ | ਮੌਜੂਦਾ ਕੁਦਰਤੀ ਨਾਲਿਆਂ/ ਨਾਲੀਆਂ ਜਾਂ ਹੋਰ ਨਿਕਾਸੀ ਸਾਧਨਾਂ ਨੂੰ ਸਾਫ਼, ਦੁਬਾਰਾ ਬਣਾ ਕੇ ਅਤੇ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਮੀਂਹ ਦਾ ਪਾਣੀ ਆਪਣੀ ਕੁਦਰਤੀ ਮੰਜ਼ਿਲ (ਜਿਵੇਂ ਡਰੇਨਾਂ ਜਾਂ ਦਰਿਆਵਾਂ) ਵੱਲ ਆਸਾਨੀ ਨਾਲ ਜਾ ਸਕੇ | ਸਾਰੇ ਪਿੰਡਾਂ ਦੇ ਵਾਸੀਆਂ ਅਤੇ ਕਿਸਾਨਾਂ ਵਲੋਂ ਆਪਸੀ ਸਹਿਯੋਗ ਯਕੀਨੀ ਬਣਾਇਆ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵਿਵਾਦ ਪੈਦਾ ਨਾ ਹੋਵੇ | ਗ੍ਰਾਮ ਸਭਾ ਵਲੋਂ ਪਾਸ ਕੀਤੇ ਮਤੇ ਦੀ ਕਾਪੀ ਸਬੰਧਿਤ ਬੀ.ਡੀ.ਪੀ.ਓ. ਦਫ਼ਤਰ ਭੇਜੀ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ | ਸ਼੍ਰੀ ਸਿੰਗਲਾ ਨੇ ਕਿਹਾ ਕਿ ਇਹ ਮਾਮਲਾ ਜਨਹਿਤ ਅਤੇ ਸਮੂਹਕ ਭਲਾਈ ਨਾਲ ਜੁੜਿਆ ਹੋਇਆ ਹੈ | ਸਿਰਫ਼ ਏਕਤਾ ਅਤੇ ਆਪਸੀ ਸਹਿਯੋਗ ਨਾਲ ਹੀ ਸੁਨਾਮ ਉਪ ਮੰਡਲ ਦੇ ਪਿੰਡ ਪਾਣੀ ਦੀ ਰੁਕਾਵਟ ਦੀ ਸਮੱਸਿਆ ਤੋਂ ਸਦਾ ਲਈ ਛੁਟਕਾਰਾ ਹਾਸਲ ਕਰ ਸਕਦੇ ਹਨ | ਅਣਮੁੱਲੀਆਂ ਜਾਨਾਂ ਨੂੰ ਬਚਾਅ ਸਕਦੇ ਹਨ ਅਤੇ ਗਰੀਬ ਪਰਿਵਾਰਾਂ ਨੂੰ ਵਿੱਤੀ ਨੁਕਸਾਨ ਤੋਂ ਬਚਾ ਸਕਦੇ ਹਨ | ਜੇ ਪਿੰਡ ਇਕੱਠੇ ਹੋ ਕੇ ਕਦਮ ਚੁੱਕਣਗੇ ਤਾਂ ਪ੍ਰਸ਼ਾਸਨ ਵੀ ਪੂਰੀ ਸਹਾਇਤਾ ਦੇਵੇਗਾ | ਇਸ ਮੌਕੇ ਡੀ.ਐੱਸ.ਪੀ.ਦਿੜ੍ਹਬਾ ਰੁਪਿੰਦਰ ਕੌਰ ਬਾਜਵਾ, ਸੀ.ਆਰ.ਓ. ਰਾਜਬਿੰਦਰ ਕੌਰ, ਐੱਸ.ਡੀ.ਓ. ਡਰੇਨੇਜ ਪ੍ਰੀਤਇੰਦਰ ਸਿੰਘ ਵੀ ਹਾਜ਼ਰ ਸਨ |