ਖਨੌਰੀ 5 ਸਤੰਬਰ (ਬਲਵਿੰਦਰ ਸਿੰਘ ਥਿੰਦ) - ਪਿੰਡ ਠਸਕਾ ਦੇ ਨਗਰ ਨਿਵਾਸੀਆਂ ਦਾ ਇਕ ਭਰਵਾਂ ਇਕੱਠ ਪਿੰਡ ਦੇ ਸਾਂਝੇ ਦਰਵਾਜ਼ੇ ਵਿਚ ਹੋਇਆ ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮਗਰੀ ਇਕੱਤਰ ਕਰ ਕੇ ਭੇਜੀ ਜਾਵੇਗੀ | ਜਿਸ ਤਹਿਤ ਪਿੰਡ ਵਿਚ ਘਰ-ਘਰ ਜਾ ਕੇ ਰਾਸ਼ਨ ਸਮਗਰੀ ਅਤੇ ਸਹਾਇਤਾ ਰਾਸੀ ਇਕੱਠੀ ਕੀਤੀ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਚਮਕੌਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਠਸਕਾ ਨੇ ਦੱਸਿਆ ਪਿੰਡ ਵਾਸੀਆਂ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ | ਪਿੰਡ ਦੀ ਸਰਪੰਚ ਕਰਮਜੀਤ ਕੌਰ, ਕਿਸਾਨ ਆਗੂ ਜਸਵੰਤ ਸਿੰਘ ਅਤੇ ਪ੍ਰਧਾਨ ਤੇਜਿੰਦਰਪਾਲ ਸਿੰਘ, ਨੰਬਰਦਾਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਪੈ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਦੇ ਬਹੁਤ ਸਾਰੇ ਜ਼ਿਲਿ੍ਹਆਂ ਦੇ ਪਿੰਡਾਂ ਵਿਚ ਪਾਣੀ ਭਰਨ ਕਰ ਕੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਕਟ ਦੀ ਘੜੀ ਵਿਚ ਪੰਜਾਬ ਵਾਸੀ ਹੋਣ ਦੇ ਨਾਤੇ ਉਨ੍ਹਾਂ ਨਾਲ ਖੜਨ ਅਤੇ ਉਨ੍ਹਾਂ ਦੀ ਬਣਦੀ ਮਦਦ ਕਰਨੀ ਆਪਣੇ ਸਾਰਿਆਂ ਦਾ ਫ਼ਰਜ਼ ਬਣਦਾ ਹੈ |