ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ, ਦਮਨਜੀਤ ਸਿੰਘ) - ਅਨਾਜ ਮੰਡੀ ਸੰਗਰੂਰ 'ਚ ਅੱਜ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ | ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਸ੍ਰੀ ਚਾਬਾ ਨੇ ਖ਼ੁਸ਼ੀ ਪ੍ਰਗਟਾਈ ਕਿ ਮੰਡੀ ਵਿਚ ਪਹੁੰਚੀ ਪਹਿਲੀ ਢੇਰੀ ਵਿਚ ਨਮੀ ਦੀ ਮਾਤਰਾ ਸਰਕਾਰੀ ਮਾਪ ਦੰਡਾਂ ਤੋਂ ਘੱਟ ਸਿਰਫ਼ 14.6 ਪ੍ਰਤੀਸ਼ਤ ਪਾਈ ਗਈ ਹੈ | ਆਰ.ਕੇ. ਟਰੇਡਿੰਗ ਕੰਪਨੀ ਦੇ ਕਿਸਾਨ ਰਜਿੰਦਰ ਸਿੰਘ ਵਲੋਂ ਲਿਆਂਦੇ ਝੋਨੇ ਨੂੰ ਪਨਗਰੇਨ ਵਲੋਂ 2389 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਤੇ ਖ਼ਰੀਦਿਆ ਗਿਆ | ਅਨਾਜ ਮੰਡੀ ਵਿਚ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਚਾਬਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਹੈ ਕਿ ਅਨਾਜ ਮੰਡੀ ਸੰਗਰੂਰ ਵਿਚ ਆਉਂਦੇ ਅਨਾਜ ਦੇ ਮੁਤਾਬਿਕ ਮੰਡੀ ਦੀ ਜਗਾ ਘੱਟ ਹੈ ਜਿਸ ਕਾਰਨ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਅਨਾਜ ਮੰਡੀ ਦਾ ਪ੍ਰਬੰਧ ਕਿਸੇ ਖੁੱਲ੍ਹੀ ਜਗਾ ਤੇ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਘੁਮਾਣ, ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਅਵਤਾਰ ਸਿੰਘ ਈਲਵਾਲ, ਸੈਕਟਰੀ ਮਾਰਕੀਟ ਕਮੇਟੀ ਨਰਿੰਦਰ ਪਾਲ, ਆੜ੍ਹਤੀਆਂ ਐਸੋ. ਸਰਪ੍ਰਸਤ ਕਮਲ ਮਿੱਤਲ, ਕੇਵਲ ਗੁਪਤਾ, ਜਗਦੀਸ਼ ਫ਼ੌਜੀ, ਸੁਖਵਿੰਦਰ ਸਿੰਘ ਸੁੱਖਾ, ਸੈਕਟਰੀ ਵਿਜੈ ਜੈਨ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਧਰਮਿੰਦਰ ਤਿਵਾੜੀ, ਇੰਸਪੈਕਟਰ ਤਰੁਣ ਕੁਮਾਰ, ਗੁਰਪ੍ਰੀਤ ਸਿੰਘ ਸੁਪਰਵਾਇਜਰ, ਹਰਿੰਦਰ ਸਿੰਘ ਸੁਪਰਵਾਇਜਰ ਅਤੇ ਹੋਰ ਮੌਜੂਦ ਸਨ |