ਮਲੇਰਕੋਟਲਾ, 23 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਪਲੀਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਜ਼ਿਲ੍ਹਾ ਮਲੇਰਕੋਟਲਾ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ ਅਤੇ ਸੈਟਲਾਈਟ ਮਾਨੀਟਰਿੰਗ ਅਧੀਨ ਮਲੇਰਕੋਟਲਾ ਸਬ ਡਵੀਜ਼ਨ ਦੇ ਪਿੰਡ ਮਦੇਵੀ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾ ਦਰਜ ਕੀਤੀ ਗਈ ਹੈ | ਇਸ ਸਬੰਧ ਵਿਚ ਐਸ.ਡੀ.ਐਮ. ਮਲੇਰਕੋਟਲਾ ਵਲੋਂ ਤੁਰੰਤ ਸੰਬੰਧਤ ਕਿਸਾਨ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਨੋਡਲ ਅਤੇ ਫੀਲਡ ਅਧਿਕਾਰੀਆਂ ਦੀ ਰਿਪੋਰਟ ਦੇ ਅਧਾਰ 'ਤੇ ਹੁਕਮ ਜਾਰੀ ਕਰਦਿਆਂ ਐਸ.ਡੀ.ਐਮ. ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਸੰਬੰਧਤ ਕਿਸਾਨ ਦੇ ਮਾਲ ਰਿਕਾਰਡ ਵਿਚ ਲਾਲ ਐਂਟਰੀ ਕੀਤੀ ਜਾਵੇਗੀ ਅਤੇ ਉਸ 'ਤੇ ਵਾਤਾਵਰਣ ਜੁਰਮਾਨਾ ਵੀ ਲਗਾਇਆ ਜਾਵੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਲਾਲ ਐਂਟਰੀ ਕਾਰਨ ਕਿਸਾਨ ਨੂੰ ਸਰਕਾਰੀ ਸਬਸਿਡੀ, ਕਰਜ਼ਾ ਸੁਵਿਧਾਵਾਂ ਅਤੇ ਹੋਰ ਸਰਕਾਰੀ ਲਾਭਾਂ ਤੋਂ ਵੀ ਵੰਚਿਤ ਕੀਤਾ ਜਾ ਸਕਦਾ ਹੈ | ਉਹਨਾਂ ਦੱਸਿਆ ਕਿ ਕਿਸੇ ਵੀ ਕਿਸਾਨ ਜਾਂ ਵਿਅਕਤੀ ਵਲੋਂ ਖੇਤਾਂ ਵਿਚ ਪਰਾਲੀ ਜਾਂ ਰਹਿੰਦ-ਖੂਹਦ ਨੂੰ ਅੱਗ ਲਗਾਉਣ ਦੀ ਕਾਰਵਾਈ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਸਾੜਨ ਦੀ ਬਜਾਏ ਇਨ-ਸੀਟੂ ਪ੍ਰਬੰਧਨ ਤਰੀਕੇ (ਪਰਾਲੀ ਨੂੰ ਖੇਤ ਵਿਚ ਹੀ ਮਿੱਟੀ ਨਾਲ ਮਿਲਾਉਣਾ) ਜਾਂ ਐਕਸ-ਸੀਟੂ ਤਰੀਕੇ (ਬੇਲਰਾਂ ਰਾਹੀਂ ਇਕੱਠਾ ਕਰਕੇ ਹੋਰ ਵਰਤੋਂ ਲਈ ਭੇਜਣਾ) ਅਪਣਾਉਣ | ਇਸ ਨਾਲ ਨਾ ਸਿਰਫ਼ ਵਾਤਾਵਰਣ ਦੀ ਰੱਖਿਆ ਹੋਵੇਗੀ, ਸਗੋਂ ਮਿੱਟੀ ਦੀ ਉਪਜਾਊ ਸਮਰੱਥਾ ਵੀ ਕਾਇਮ ਰਹੇਗੀ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸਾਫ਼ ਸੁਨੇਹਾ ਦਿੱਤਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਰਾਸ਼ਟਰੀ ਗਰੀਨ ਟਿ੍ਬਿਊਨਲ (ਐਨ.ਜੀ. ਟੀ) ਅਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਕਾਰਵਾਈ ਲਾਗੂ ਕੀਤੀ ਜਾਵੇਗੀ |