ਅਮਰਗੜ੍ਹ, 25 ਸਤੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪੰਜਾਬ 'ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਉਂਦਿਆਂ ਕਿੰਨੇ ਹੀ ਘਰ ਰੋਡ ਦਿੱਤੇ ਫ਼ਸਲਾਂ ਤਬਾਹ ਕਰ ਦਿੱਤੀਆਂ ਤੇ ਲੋਕਾਂ ਦੀ ਰੋਜ਼ੀ ਰੋਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਪਰ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਮਹਿਜ਼ 1600 ਕਰੋੜ ਰੁਪਏ ਦੇ ਨਾਕਾਫ਼ੀ ਰਾਹਤ ਪੈਕੇਜ ਦੇ ਐਲਾਨ ਨੇ ਪੰਜਾਬ ਦੇ ਕਿਸਾਨ ਮਜ਼ਦੂਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ ਜਦਕਿ ਇਸ ਦੇ ਉਲਟ, ਬਿਹਾਰ 'ਚ ਚੋਣਾਂ ਦੇ ਲਾਲਚ ਵਿਚ ਭਾਜਪਾ ਨੇ ਮੋਤੀਹਾਰੀ ਪ੍ਰੋਜੈਕਟ ਲਈ 7200 ਕਰੋੜ ਰੁਪਏ ਜਾਰੀ ਕਰ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਅਮਰਗੜ੍ਹ ਵਿਖੇ ਅਜੀਤ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਭਾਜਪਾ ਤੇ ਪੰਜਾਬ ਨਾਲ ਹਮੇਸ਼ਾ ਹੀ ਵਿਤਕਰਾ ਕਰਨ ਦੇ ਦੋਸ਼ ਲਾਉਂਦੇ ਹੋਏ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਭੇਦਭਾਵ ਸਾਫ਼ ਦਰਸਾਉਂਦਾ ਹੈ ਕਿ ਭਾਜਪਾ ਨੂੰ ਪੰਜਾਬ ਦੀ ਨਹੀਂ, ਸਗੋਂ ਆਪਣੇ ਸਿਆਸੀ ਮੁਫ਼ਾਦਾਂ ਦੀ ਪ੍ਰਵਾਹ ਹੈ | ਪੰਜਾਬ ਨੇ ਆਜ਼ਾਦੀ ਦੀ ਲੜਾਈ ਵਿਚ ਅਣਮੁੱਲਾ ਯੋਗਦਾਨ ਪਾਇਆ, ਪਰ ਅੱਜ ਕੇਂਦਰ ਸਰਕਾਰ ਪੰਜਾਬ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨੂੰ ਉਸ ਦੇ ਹੱਕ ਮੁਤਾਬਕ ਰਾਹਤ ਅਤੇ ਵਿਕਾਸ ਫ਼ੰਡ ਜਾਰੀ ਕੀਤੇ ਜਾਣ |