ਛਾਜਲੀ, 25 ਸਤੰਬਰ (ਅਜਾਇਬ ਸਿੰਘ ਨੀਲੋਵਾਲ) - ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਪੰਜਾਬ ਵਲੋਂ ਬਲਾਕ ਸੁਨਾਮ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਨੀਲੋਵਾਲ ਦੀ ਅਗਵਾਈ ਹੇਠ ਸੈਂਟਰ ਮੈਦੇਵਾਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ | ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਆਂਗਣਵਾੜੀ ਮੁਲਾਜ਼ਮਾਂ ਸੰਬੰਧੀ ਨੀਤੀਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਸਵਿੰਦਰ ਕੌਰ ਨੇ ਕਿਹਾ ਕਿ ਜੇਕਰ 28 ਸਤੰਬਰ ਤੱਕ ਸਰਕਾਰ ਵਲੋਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਦੇ ਫ਼ੈਸਲੇ ਮੁਤਾਬਕ ਬਲਾਕ ਸੁਨਾਮ ਦੀਆਂ ਆਂਗਣਵਾੜੀ ਮੁਲਾਜ਼ਮਾਂ ਪੋਸ਼ਣ ਟਰੈਕ ਐਪ ਦਾ ਕੰਮ ਮੁਕੰਮਲ ਰੋਕ ਕੇ ਕਲਮ ਛੱਡ ਹੜਤਾਲ ਕਰਨਗੀਆਂ | ਉਨ੍ਹਾਂ ਦੱਸਿਆ ਕਿ ਆਈ.ਸੀ.ਡੀ.ਐਸ. ਸਕੀਮ ਪੰਜਾਹ ਸਾਲ ਪੂਰੇ ਕਰ ਚੁੱਕੀ ਹੈ, ਪਰ ਵਰਕਰ ਅਤੇ ਹੈਲਪਰ ਅੱਜ ਵੀ ਨਗੁਣੇ ਮਾਣ ਭੱਤੇ 'ਤੇ ਕੰਮ ਕਰਨ ਲਈ ਮਜਬੂਰ ਹਨ ਅਤੇ ਉਹ ਵੀ ਕਈ ਵਾਰ ਪੰਜ-ਪੰਜ ਮਹੀਨੇ ਬਾਅਦ ਦਿੱਤਾ ਜਾਂਦਾ ਹੈ | ਉਨ੍ਹਾਂ ਸ਼ਿਕਾਇਤ ਕੀਤੀ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਫੇਸ਼ੀਅਲ ਰਿਕੋਗਨਾਈਜ਼ੇਸ਼ਨ ਸਿਸਟਮ ਕਰ ਕੇ ਸਿਰਫ਼ 60 ਫ਼ੀਸਦੀ ਲੋਕ ਹੀ ਜੁੜ ਪਾਏ ਹਨ, ਜਿਸ ਨਾਲ 40 ਫ਼ੀਸਦੀ ਲੋਕ ਲਾਭ ਤੋਂ ਵਾਂਝੇ ਰਹਿ ਸਕਦੇ ਹਨ | ਜਸਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੋਸ਼ਣ ਅਭਿਆਨ ਦੀ ਸ਼ੁਰੂਆਤ ਤੋਂ ਅੱਜ ਤੱਕ ਮੋਬਾਈਲ ਫ਼ੋਨ ਨਹੀਂ ਖ਼ਰੀਦੇ ਗਏ, ਜਿਸ ਕਾਰਨ ਵਰਕਰ ਆਪਣੇ ਨਿੱਜੀ ਮੋਬਾਈਲ ਅਤੇ ਇੰਟਰਨੈੱਟ ਖ਼ਰਚੇ ਨਾਲ ਕੰਮ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ, ਨਹੀਂ ਤਾਂ ਇਸ ਦੇ ਨਤੀਜਿਆਂ ਲਈ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ | ਇਸ ਮੌਕੇ 'ਤੇ ਉਨ੍ਹਾਂ ਨਾਲ ਹੋਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੀ ਹਾਜ਼ਰ ਸਨ |