ਮੂਨਕ, 29 ਸਤੰਬਰ (ਵਰਿੰਦਰ ਭਾਰਦਵਾਜ) - ਮਾਣਯੋਗ ਸੁਪਰੀਮ ਕੋਰਟ ਵਲੋਂ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਸਾੜਨ ਤੇ ਤੁਰੰਤ ਕਾਰਵਾਈ ਕਰਨ ਦੇ ਸਖ਼ਤ ਹੁਕਮਾਂ ਤਹਿਤ ਡੀ.ਸੀ. ਸ਼੍ਰੀ ਰਾਹੁਲ ਚਾਬਾ ਤੇ ਐਸ.ਐਸ.ਪੀ. ਸ੍ਰ. ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐਸ.ਪੀ. ਗੁਰਿੰਦਰ ਸਿੰਘ ਬੱਲ ਦੀ ਯੋਗ ਅਗਵਾਈ ਹੇਠ ਪੁਲਿਸ ਚੌਕਸੀ ਟੀਮਾਂ ਸਬ ਡਵੀਜ਼ਨ ਮੂਨਕ ਦੇ ਵੱਖ ਵੱਖ ਪਿੰਡਾਂ ਵਿਚ ਕਾਫ਼ੀ ਮੁਸਤੈਦੀ ਨਾਲ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ | ਇਸ ਸਬੰਧੀ ਡੀ.ਐਸ.ਪੀ. ਸ੍ਰ. ਬੱਲ ਨੇ ਦੱਸਿਆ ਕਿ ਡੀ.ਸੀ. ਸੰਗਰੂਰ ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਸਮੇਂ ਸਮੇਂ ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੁਲਿਸ ਕਈ ਦਿਨਾਂ ਤੋਂ ਸਬ ਡਵੀਜ਼ਨ ਦੇ ਪਿੰਡਾਂ ਵਿਚ ਕਿਸਾਨਾਂ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰ ਰਹੀਆਂ ਹਨ | ਸੌਰਭ ਸੱਭਰਵਾਲ ਐਸ.ਐਚ.ਓ. ਥਾਣਾ ਮੂਨਕ ਤੇ ਹਰਮਿੰਦਰ ਸਿੰਘ ਐਸ.ਐੱਚ.ਓ. ਖਨੌਰੀ ਥਾਣਾ ਮੁਖੀਆਂ ਵਲੋ ਕਈ ਪਿੰਡਾਂ ਵਿਚ ਜਾਗਰੂਕਤਾ ਅਭਿਆਨ ਨੂੰ ਜਾਰੀ ਰੱਖਦਿਆਂ ਪਿੰਡ ਬੰਗਾ, ਬੁਸ਼ਹਿਰਾ, ਸਲੇਮਗੜ੍ਹ, ਹਮੀਰਗੜ੍ਹ, ਮਕਰੋੜ ਸਾਹਿਬ, ਨਵਾਂ ਗਾਓਾ, ਅਨਦਾਣਾ ਆਦਿ ਵਿਖ਼ੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਕੜੀ ਅਧੀਨ ਮੂਨਕ ਤੇ ਖਨੌਰੀ ਪੁਲਿਸ ਨੇ ਵੱਖ ਵੱਖ ਮੁਕਦਮਿਆਂ ਦੌਰਾਨ 100 ਲੀਟਰ ਲਾਹਣ, 48 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਤਿੰਨ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ |