ਸੁਨਾਮ ਊਧਮ ਸਿੰਘ ਵਾਲਾ, 22 ਨਵੰਬਰ (ਧਾਲੀਵਾਲ, ਭੁੱਲਰ)-ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜੈਚ ਵਲੋਂ ਪੰਜਾਬ-ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਦੀਆਂ ਚੋਣਾਂ ਕਰਵਾਉਣ ਅਤੇ ਇਸ ਸਬੰਧੀ ਹੋਰ ਮਸਲਿਆਂ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਦੀ ਮੀਟਿੰਗ ਵਿਚ ਇਕ ਮਤਾ ਪੇਸ਼ ਕੀਤਾ ਗਿਆ | ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਟੋਨੀ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਨਗਰ ਕੌਂਸਲ ਸੁਨਾਮ ਵਲੋਂ ਉਕਤ ਮਤਾ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਮਤੇ ਅਨੁਸਾਰ ਮੰਗ ਕੀਤੀ ਗਈ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਟੇਟ ਯੂਨੀਵਰਸਿਟੀ ਐਲਾਨਿਆ ਜਾਵੇ | ਜਿਸ ਸਬੰਧੀ ਪੰਜਾਬ ਵਿਧਾਨ ਸਭਾ ਵਿਚ ਮਤਾ ਪਾ ਕੇ ਕੇਂਦਰ ਸਰਕਾਰ ਰਾਂਹੀ ਪੰਜਾਬ ਪੁਨਰਗਠਨ ਐਕਟ ਵਿਚ ਸੋਧ ਕਰ ਕੇ ਇਸ ਨੂੰ ਪੂਰ ਚੜ੍ਹਾਇਆ ਜਾਵੇ | ਇਹ ਵੀ ਮੰਗ ਕੀਤੀ ਗਈ ਕਿ 91 ਮੈਂਬਰੀ ਸੈਨੇਟ ਬਹਾਲ ਕਰ ਕੇ ਇਸ ਦੀਆਂ ਚੋਣਾਂ ਦੀ ਤਰੀਕ ਐਲਾਣੀ ਜਾਵੇ | ਹਾਊਸ ਵਲੋਂ ਸਰਬ ਸੰਮਤੀ ਨਾਲ ਪ੍ਰਵਾਨਗੀ ਦੇਣ ਉਪਰੰਤ ਅਗਲੀ ਕਾਰਵਾਈ ਲਈ ਅੱਗੇ ਭੇਜ ਦਿੱਤਾ ਗਿਆ | ਇਸ ਮੌਕੇ ਕੌਂਸਲਰ ਆਸ਼ਾ ਬਜਾਜ, ਵਿਕਰਮ ਵਿੱਕੀ, ਗੁਰਤੇਗ ਸਿੰਘ ਨਿੱਕਾ, ਹਰਪਾਲ ਸਿੰਘ ਹਾਂਡਾ ਅਤੇ ਦੀਪਕਾ ਗੋਇਲ ਆਦਿ ਮੌਜੂਦ ਸਨ |