ਮਲੇਰਕੋਟਲਾ, 23 ਨਵੰਬਰ (ਮਨਜਿੰਦਰ ਸਿੰਘ ਸਰੌਦ) - ਰਿਆਸਤੀ ਸ਼ਹਿਰ ਮਲੇਰਕੋਟਲਾ ਦਾ ਨਾਮ ਪੂਰੀ ਦੁਨੀਆਂ ਦੇ ਅੰਦਰ ਇਤਿਹਾਸਿਕ ਪੱਖ ਤੋਂ ਸਤਿਕਾਰ ਸਹਿਤ ਪੂਰੇ ਅਦਬ ਦੇ ਨਾਲ ਲਿਆ ਜਾਂਦਾ ਹੈ | ਜਦ ਵੀ ਕਿਤੇ ਮਲੇਰਕੋਟਲਾ ਦੀ ਗੱਲ ਚੱਲਦੀ ਹੈ ਤਾਂ ਇਤਿਹਾਸ ਨੂੰ ਵਾਚਣ ਵਾਲੇ ਲੋਕ ਅੱਜ ਵੀ ਉਨ੍ਹਾਂ ਤਵਾਰੀਖੀ ਪਲਾਂ ਵਿਚ ਗੁਆਚ ਜਾਂਦੇ ਹਨ ਜਿਸ ਕਰ ਕੇ ਇਸ ਰਿਆਸਤੀ ਸ਼ਹਿਰ ਦਾ ਨਾਂਅ ਇਤਿਹਾਸ ਦੇ ਪੰਨਿਆਂ ਨਾਲ ਜੁੜ ਗਿਆ | ਕਰੀਬ ਸਾਢੇ ਚਾਰ ਵਰ੍ਹੇ ਪਹਿਲਾਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਨ ਦਾ ਮਾਣ ਹਾਸਲ ਹੋਇਆ ਸੀ | ਭਾਵੇਂ ਕੁਝ ਲੋਕ ਇਸ ਨੂੰ 'ਸਿਆਸੀ ਸਟੰਟ' ਕਹਿੰਦੇ ਰਹੇ ਜਾਂ ਕੁਝ ਹੋਰ, ਇਹ ਗੱਲਾਂ ਰਾਜਨੀਤਿਕ ਖੇਤਰ ਦਾ ਹਿੱਸਾ ਹਨ ਪਰ ਜੇ ਅਸਲ ਤੱਥਾਂ ਨੂੰ ਖੰਘਾਲੀਏ ਤਾਂ ਅਜੇ ਵੀ ਜ਼ਿਲ੍ਹਾ ਮਲੇਰਕੋਟਲਾ ਬਹੁਤੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ | ਬਾਕੀ ਸਭ ਕੁਝ ਨੂੰ ਇੱਕ ਪਾਸੇ ਕਰ ਕੇ ਜੇਕਰ ਟਰੈਫ਼ਿਕ ਵਿਵਸਥਾ 'ਤੇ ਝਾਤ ਮਾਰੀਏ ਤਾਂ ਹਾਲਾਤ ਬਹੁਤ ਮਾੜੇ ਸਾਹਮਣੇ ਆਉਂਦੇ ਹਨ | ਕਿਸੇ ਵੀ ਬਾਜ਼ਾਰ ਦੀ ਗੱਲ ਕਰੀਏ ਜਾਂ ਚੌਂਕ ਦੀ, ਹਾਲਾਤ ਵੱਖਰੇ ਨਹੀਂ | ਪਿੱਪਲੀ ਪੰਪ ਤੋਂ ਲੈ ਕੇ ਕਾਲਜ ਰੋਡ, ਸਰਹੰਦੀ ਗੇਟ, ਮੋਤੀ ਬਾਜ਼ਾਰ, ਤਲਾਬ ਬਾਜ਼ਾਰ ਤੋਂ ਇਲਾਵਾ ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ ਤੇ ਜੋ ਸੰਤਾਪ ਟਰੈਫ਼ਿਕ ਦੌਰਾਨ ਆਮ ਲੋਕਾਂ ਨੂੰ ਹੰਢਾਉਣਾ ਪੈ ਰਿਹਾ ਹੈ ਇਹ ਤਾਂ ਲੋਕ ਹੀ ਜਾਣਦੇ ਹਨ, ਕੁਝ ਬਾਜ਼ਾਰਾਂ ਦੀ ਸਥਿਤੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਠੀਕ ਰਹਿੰਦੀ ਹੈ ਪਰ ਜਿਉਂ-ਜਿਉਂ ਸ਼ਾਮ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਜਾਮ ਵਿਚ ਫਸੇ ਲੋਕ ਹਾਇ-ਤੌਬਾ ਕਰਨ ਲੱਗਦੇ ਹਨ | ਇਹ ਕਹਾਣੀ ਕੋਈ ਇੱਕ ਦਿਨ ਦੀ ਨਹੀਂ, ਰੋਜ਼ਮਰਾ ਦੀ ਹੈ | ਸਾਮ ਸਮੇਂ ਕਈ ਬਾਜ਼ਾਰਾਂ ਅਤੇ ਮੁੱਖ ਸੜਕਾਂ ਦੇ ਉੱਪਰ ਦੀ ਆਮ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ, ਕੁਝ ਚੌਂਕਾਂ ਦੇ ਵਿਚ ਲੱਗੇ ਟਰੈਫ਼ਿਕ ਬੱਤੀਆਂ ਵਾਲੇ ਖੰਭੇ ਪਿਛਲੇ ਲੰਬੇ ਸਮੇਂ ਤੋਂ ਡਿੱਗੇ ਪਏ ਹਨ | ਇਸ ਸਬੰਧੀ ਖ਼ਬਰਾਂ ਵੀ ਕਈ ਵਾਰ ਲੱਗ ਚੁੱਕੀਆਂ ਹਨ ਪਰ ਕਿਸੇ 'ਤੇ ਕੋਈ ਅਸਰ ਨਹੀਂ ਹੈ | ਕਈ ਮੁੱਖ ਚੌਂਕਾਂ ਅਤੇ ਬਾਜ਼ਾਰਾਂ ਅੰਦਰ ਟਰੈਫ਼ਿਕ ਪੁਲਿਸ ਦਾ ਕੋਈ ਵੀ ਸਿਪਾਹੀ ਨਜ਼ਰ ਨਹੀਂ ਪੈਂਦਾ ਜੋ ਟਰੈਫ਼ਿਕ ਨੂੰ ਕੰਟਰੋਲ ਕਰ ਸਕੇ | ਆਮ ਲੋਕ ਰੱਬ ਆਸਰੇ ਇੱਕ ਦੂਜੇ ਨੂੰ ਰਸਤਾ ਦੇ ਕੇ ਅੱਗੇ ਲੰਘਦੇ ਹਨ | ਕਈ ਬਾਜ਼ਾਰਾਂ ਅੰਦਰ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਬਾਹਰ ਰੱਖ ਕੇ ਟਰੈਫ਼ਿਕ ਜਾਮ ਕਰਨ ਦੇ ਵਿਚ ਪੂਰਾ ਯੋਗਦਾਨ ਪਾਇਆ ਜਾਂਦਾ ਹੈ | ਹੈਰਾਨੀਜਨਕ ਤੱਥ ਤਾਂ ਇਹ ਹੈ ਕਿ ਉਨ੍ਹਾਂ ਨੂੰ ਕੋਈ ਵੀ ਕੁੱਝ ਕਿਉਂ ਨਹੀਂ ਕਹਿੰਦਾ | ਸ਼ਰੇ੍ਹਆਮ ਬਾਜ਼ਾਰਾਂ ਵਿਚ ਖੜੀਆਂ ਗੱਡੀਆਂ ਪ੍ਰਸ਼ਾਸਨ ਦਾ ਮੂੰਹ ਚਿੜਾ ਰਹੀਆਂ ਹੁੰਦੀਆਂ ਹਨ | ਟਰੈਫ਼ਿਕ ਪੁਲਿਸ ਵੱਲੋਂ ਆਪਣਾ ਸਾਰਾ ਜ਼ੋਰ ਇੱਕ ਦੋ ਚੌਂਕਾਂ ਦੀ ਟਰੈਫ਼ਿਕ ਨੂੰ ਕੰਟਰੋਲ ਕਰਨ ਤੋਂ ਇਲਾਵਾ ਚਲਾਨ ਕੱਟਣ ਵਿਚ ਲਗਾਇਆ ਜਾ ਰਿਹਾ ਹੈ | ਟਰੈਫ਼ਿਕ ਪੁਲਿਸ ਦੀ ਗੱਡੀ ਸ਼ਹਿਰ ਦੇ ਵਿਚ ਹੂਟਰ ਮਾਰਦੀ ਆਮ ਮਿਲ ਜਾਂਦੀ ਹੈ ਪਰ ਟਰੈਫ਼ਿਕ ਨੂੰ ਕੰਟਰੋਲ ਕਰਨ ਵੇਲੇ ਇਹ ਗੱਡੀ ਵਿਖਾਈ ਨਹੀਂ ਦਿੰਦੀ | ਰਾਹਗੀਰ ਅਤੇ ਆਮ ਲੋਕ ਪੁਲਿਸ ਦੀ ਇਸ ਕਾਰਗੁਜ਼ਾਰੀ ਤੋਂ ਨਾਖ਼ੁਸ਼ ਨਜ਼ਰ ਆ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦਾ ਧਿਆਨ ਚਲਾਣ ਕੱਟਣ ਵੱਲ ਜ਼ਿਆਦਾ ਹੈ ਅਤੇ ਟਰੈਫ਼ਿਕ ਨੂੰ ਕੰਟਰੋਲ ਕਰਨ ਵੱਲ ਘੱਟ ਹੈ | ਇੱਕ ਵਾਰ ਫਿਰ ਬੀਤੇ ਕੱਲ੍ਹ ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ 'ਤੇ ਸਰੌਦ ਚੌਂਕ ਨੇੜੇ ਸ਼ਾਮ ਸਮੇਂ ਲੱਗੇ ਜਾਮ ਦੇ ਵਿਚ ਫਸੀ ਗੱਡੀ ਦੇ ਵਿਚ ਪਿਆ ਮਰੀਜ਼ ਕਿੰਨਾ ਚਿਰ ਤੜਫ਼ਦਾ ਰਿਹਾ | ਇਹ ਕੋਈ ਪਹਿਲੀ ਘਟਨਾ ਨਹੀਂ, ਅਜਿਹੀਆਂ ਘਟਨਾਵਾਂ ਬਹੁਤ ਵਾਰ ਸਾਹਮਣੇ ਆ ਚੁੱਕੀਆਂ ਹਨ | ਉਧਰ ਹਲਕਾ ਅਮਰਗੜ੍ਹ ਦੇ ਕਸਬਾ ਜੌੜੇਪੁਲ ਵਿਖੇ ਵੀ ਟਰੈਫ਼ਿਕ ਸਮੱਸਿਆ ਗੰਭੀਰ ਹੋ ਚੁੱਕੀ ਹੈ ਪਰ ਸ਼ਿਤਮ ਦੀ ਗੱਲ ਹੈ ਕਿ ਸ਼ਹਿਰ ਦੀ ਟਰੈਫ਼ਿਕ ਨੂੰ ਕੰਟਰੋਲ ਕਰਨ ਦੇ ਲਈ ਸ਼ਾਇਦ ਹੀ ਕਿਸੇ ਨੇ ਚਾਰਾਜੋਈ ਕੀਤੀ ਹੋਵੇ | ਨਿਤ ਦਿਨ ਲੱਗਦੇ ਇਸ ਜਾਮ ਤੋਂ ਅÏਖੇ ਦੁਕਾਨਦਾਰਾਂ ਅਤੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਚੰਗਾ ਹੋਵੇ ਜੇਕਰ ਪ੍ਰਸ਼ਾਸਨ ਕੋਈ ਪੁਖ਼ਤਾ ਹੱਲ ਕੱਢ ਕੇ ਟਰੈਫ਼ਿਕ ਵਿਵਸਥਾ ਨੂੰ ਕੰਟਰੋਲ ਕਰਨ ਦੇ ਲਈ ਗੰਭੀਰ ਯਤਨ ਕਰੇ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਟਰੈਫ਼ਿਕ ਨੂੰ ਕੰਟਰੋਲ ਕਰਨ ਦੇ ਲਈ ਕੁਝ ਨਹੀਂ ਕਰ ਸਕਦਾ ਤਾਂ ਮੁੱਖ ਚੌਂਕਾਂ ਦੇ ਵਿਚ ਟਰੈਫ਼ਿਕ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਤਾਂ ਕਰ ਸਕਦਾ ਹੈ | ਵੇਖਣਾ ਹੋਵੇਗਾ ਕਿ ਹੁਣ ਪ੍ਰਸ਼ਾਸਨ ਸ਼ਹਿਰ ਦੇ ਇਸ ਅਹਿਮ ਮਸਲੇ ਸਬੰਧੀ ਕੀ ਰੁਖ਼ ਅਖ਼ਤਿਆਰ ਕਰਦਾ ਹੈ |