ਸੰਦੌੜ, 24 ਨਵੰਬਰ (ਜਸਵੀਰ ਸਿੰਘ ਜੱਸੀ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੋਲਡਨ ਏਰਾ ਮਿਲੇਨਿਅਮ ਸਕੂਲ ਸੁਲਤਾਨਪੁਰ ਬੁਧਰਾਵਾਂ ਦੇ ਚੇਅਰਮੈਨ ਐਡਵੋਕੇਟ ਪ੍ਰੀਤਇੰਦਰ ਸਿੰਘ ਸਿੱਧੂ, ਡਾਇਰੈਕਟਰ ਭਗਵਾਨ ਸਿੰਘ ਗਿੱਲ, ਡਾਇਰੈਕਟਰ ਹਰਮਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਰੈਂਡ ਪੇਰੈਂਟਸ ਅਥਲੈਟਿਕ ਮੀਟ ਕਰਵਾਈ ਗਈ, ਜਿਸ ਨੂੰ ਵਿਦਿਆਰਥੀਆਂ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੇ ਦਿਨ ਵਜੋਂ ਮਨਾਇਆ ਗਿਆ | ਇਸ ਦਿਨ ਪ੍ਰਾਇਮਰੀ ਵਿੰਗ ਦੇ ਵਿਦਿਆਰਥੀ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲਿਆ | ਪਹਿਲੀ ਜਮਾਤ ਦੇ ਬੱਚਿਆਂ ਨੇ ਇਕ ਵਧੀਆ ਕਵਿਤਾ ਸੁਣਾਈ ਤੇ ਛੇਵੀਂ ਸੱਤਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਤੇ ਭੰਗੜੇ ਨਾਲ ਇਸ ਸਮਾਗਮ ਦੀ ਸ਼ੁਰੂਆਤ ਕੀਤੀ | ਵੱਖ-ਵੱਖ ਜਮਾਤਾਂ ਦੇ ਬੱਚਿਆਂ ਵਲੋਂ ਆਪਣੇ ਹੱਥੀ ਬਣਾਏ ਤਕਨੀਕੀ ਮਾਡਲ ਅਤੇ ਖੇਤੀਬਾੜੀ ਨਾਲ ਸੰਬੰਧਿਤ ਸੰਦਾਂ ਦੀ ਪ੍ਰਦਰਸ਼ਨੀ ਕੀਤੀ | ਅਥਲੈਟਿਕ ਮੀਟ ਨੂੰ ਚਾਰ ਚੰਨ ਲਗਾਉਣ ਲਈ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲਿਆ ਤੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਜਾਨਦੀਪ ਸਿੰਘ ਸੰਧੂ ਵਲੋਂ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਨਾਲ ਗੂੜੀ ਦੋਸਤੀ ਪ੍ਰਤੀ ਪ੍ਰੇਰਿਆ ਤੇ ਘਰ ਵਿਚ ਆਪਣੇ ਬਜ਼ੁਰਗਾਂ ਦੀ ਇੱਜਤ ਨੂੰ ਤਰਜੀਹ ਦੇਣ ਦੀ ਗੱਲ ਆਖੀ |