ਮਲੇਰਕੋਟਲਾ, 5 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਅੱਜ ਕਿਲਾ ਰਹਿਮਤਗੜ, ਮਲੇਰਕੋਟਲਾ-ਪਟਿਆਲਾ ਸੜਕ 'ਤੇ ਸਥਿਤ ਮਸ਼ਹੂਰ ਡਿਫੈਂਸ ਟੇਲਰ ਦੇ ਸਾਹਮਣੇ ਇੱਕ ਹੋਏ ਇੱਕ ਭਿਆਨਕ ਸੜਕੀ ਹਾਦਸੇ ਵਿਚ ਇੱਕ ਨੌਜਵਾਨ ਗੱਭਰੂ ਉਮਰ ਕਰੀਬ 32 ਸਾਲਾ ਲਖਵੀਰ ਸਿੰਘ ਉਰਫ਼ ਭੂਰਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਾਹੋਰਾਨਾ, ਜ਼ਿਲਾ ਮਲੇਰਕੋਟਲਾ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਹੈ | ਥਾਣਾ ਸ਼ਹਿਰੀ-1 ਮਲੇਰਕੋਟਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਨੌਜਵਾਨ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਮਲੇਰਕੋਟਲਾ ਤੋਂ ਆਪਣੇ ਪਿੰਡ ਵੱਲ ਨੂੰ ਵਾਪਸ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਵਾਲੇ ਪਾਸਿਉਂ ਇੱਕ ਬੇਸਹਾਰਾ ਪਸ਼ੂ ਆ ਗਿਆ, ਜਿਸ ਦਾ ਮੋਟਰ ਸਾਈਕਲ ਉਸ ਪਸ਼ੂ ਵਿਚ ਜਾ ਕੇ ਵੱਜਿਆ ਅਤੇ ਲਖਵੀਰ ਸਿੰਘ ਸੜਕ ਦੇ ਵਿਚਕਾਰ ਲੱਗੀ ਹੋਈ ਲੋਹੇ ਦੀ ਗਰਿੱਲ ਵਿਚ ਜਾ ਕੇ ਵੱਜਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ | ਮੌਕੇ 'ਤੇ ਪੁੱਜੀ ਪੁਲਿਸ ਟੀਮ ਅਤੇ ਇਕੱਤਰ ਹੋਏ ਲੋਕਾਂ ਨੇ ਉਸ ਦੀ ਮਿ੍ਤਕ ਦੇਹ ਨੂੰ ਸੜਕ ਤੋਂ ਹਟਾ ਕੇ ਇੱਕ ਪਾਸੇ ਕੱਪੜੇ ਨਾਲ ਢੱਕ ਕੇ ਰੱਖ ਦਿੱਤਾ ਸੀ | ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪੁੱਜੇ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਨੂੰ ਕੁਦਰਤੀ ਹਾਦਸਾ ਦੱਸਦਿਆਂ ਕਿਸੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰਵਾਈ ਅਤੇ ਮਿ੍ਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਲਖਵੀਰ ਸਿੰਘ ਉਰਫ਼ ਭੂਰਾ ਵਿਆਹਿਆ ਹੋਇਆ ਸੀ ਅਤੇ ਉਸ ਦੇ ਇੱਕ 5 ਸਾਲ ਦਾ ਬੇਟਾ ਵੀ ਹੈ |