ਧੂਰੀ, 7 ਦਸੰਬਰ (ਲਖਵੀਰ ਸਿੰਘ ਧਾਂਦਰਾ)-ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਧੂਰੀ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਬਾਲੀਆ ਤੋਂ ਭਾਜਪਾ ਵੱਲੋਂ ਚੋਣ ਲੜ੍ਹ ਰਹੇ ਰਮਨਦੀਪ ਸਿੰਘ ਖਹਿਰਾ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਅੱਜ ਪੰਜਾਬ 'ਚ ਜੋ ਹਾਲਾਤ ਹਨ, ਉਨ੍ਹਾਂ ਹਾਲਾਤਾਂ ਨੰੂ ਵੇਖ ਕੇ ਚਿੰਤਾ ਹੋ ਰਹੀ ਹੈ, ਕਿਧਰੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ, ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਫਾਈਲਾਂ ਖੋਹੀਆਂ ਜਾ ਰਹੀਆ ਹਨ, ਪਾੜੀਆਂ ਜਾ ਰਹੀਆ ਹਨ, ਧੱਕੇ ਨਾਲ ਲੋਕਾਂ ਨੂੰ ਗੁੰਡਾਗਰਦੀ ਨਾਲ ਫ਼ਤਵਾ ਦੇਣ ਤੋਂ ਰੋਕਿਆ ਜਾ ਰਿਹਾ ਹੈ, ਪਰ 2027 ਵਿਚ ਇਹ ਸਭ ਕੁਝ ਨਹੀਂ ਚੱਲੇਗਾ | ਉਨ੍ਹਾਂ ਕਿਹਾ ਕਿ ਕਿਧਰੇ ਪੰਜਾਬ ਦੀ ਅਫ਼ਸਰਸ਼ਾਹੀ ਦੀਆਂ ਆਡੀਓ-ਵੀਡੀਓ ਵਿਚ ਲੋਕਾਂ ਨੂੰ ਡੱਕਣ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹਾ ਕੁਝ ਕਰੋਗੇ, ਉਹੀ ਕੁੱਝ ਭਰੋਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ, ਪਰ ਅੱਜ ਪੰਜਾਬ 'ਚ ਨਸ਼ੇ ਕਾਰਨ ਮੌਤਾਂ ਹੋ ਰਹੀਆ ਹਨ | ਉਨ੍ਹਾਂ ਕਿਹਾ ਕਿ ਹਰ ਵੇਲੇ ਆਪ ਖੁਦ ਨਸ਼ੇ 'ਚ ਰਹਿਣ ਵਾਲੇ ਲੋਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ, ਪਰ ਜਦੋਂ ਪੰਜਾਬ ਨਸ਼ਾ ਮੁਕਤ ਹੋਵੇਗਾ ਤਾਂ ਭਾਜਪਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ | ਉਨ੍ਹਾਂ ਵੋਟਰਾਂ ਨੂੰ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਫ਼ਤਵਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ, ਆਮ ਆਦਮੀ ਪਾਰਟੀ ਨਾ ਹੀ ਕਿਸਾਨੀ, ਨਾ ਹੀ ਵਪਾਰੀ ਅਤੇ ਨਾ ਹੀ ਗਰੀਬ ਹਿਤੈਸ਼ੀ ਹਨ, ਇਹ ਤਾਂ ਸਿਰਫ਼ ਤੇ ਸਿਰਫ਼ ਸੱਤਾ ਦੇ ਹਿਤੈਸ਼ੀ ਹਨ | ਇਸ ਮੌਕੇ ਹੌਬੀ ਧਾਲੀਵਾਲ, ਦਰਸ਼ਨ ਸਿੰਘ ਨੈਣੇਵਾਲ, ਰਣਦੀਪ ਸਿੰਘ ਦਿਓਲ, ਭਾਜਪਾ ਆਗੂ ਭੁਪੇਸ਼ ਕੁਮਾਰ ਜਿੰਦਲ, ਬਰਜੇਸ਼ਵਰ ਗੋਇਲ, ਜ਼ਿਲ੍ਹਾ ਆਗੂ ਪ੍ਰਦੀਪ ਗਰਗ, ਕਮਲਜੀਤ ਗਰਗ, ਨੀਲੂ ਮਿੱਤਲ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |