ਸੰਗਰੂਰ, 22 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗ਼ਬਾਨੀ ਵਿਭਾਗ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿ੍ੜ੍ਹ ਵਚਨਬੱਧ ਹੈ | ਉਹ ਅੱਜ ਆਨਰੇਰੀ ਕੈਪਟਨ ਕਰਮ ਸਿੰਘ ਸੈਨਿਕ ਰੈਸਟ ਹਾਊਸ, ਸੰਗਰੂਰ ਦਾ ਨਵੀਨੀਕਰਨ ਕਰਨ ਉਪਰੰਤ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ | ਇਸ ਮੌਕੇ ਰਾਹੁਲ ਚਾਬਾ ਡਿਪਟੀ ਕਮਿਸ਼ਨਰ ਸੰਗਰੂਰ, ਕਰਨਲ ਜਰਨੈਲ ਸਿੰਘ (ਰਿਟਾ.) ਓ.ਐੱਸ.ਡੀ. ਮੁੱਖ ਦਫ਼ਤਰ, ਐੱਸ.ਡੀ.ਐੱਮ. ਚਰਨਜੋਤ ਸਿੰਘ ਵਾਲੀਆ, ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਸੰਗਰੂਰ, ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸ਼ਿਆਮ ਸਿੰਗਲਾ ਮੌਜੂਦ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਉਹ ਥਲ, ਹਵਾਈ ਅਤੇ ਜਲ ਸੈਨਾਵਾਂ ਦੇ ਜਵਾਨਾਂ ਦੇ ਰਿਣੀ ਹਨ, ਜਿਹੜੇ ਦੂਰ ਦੁਰਾਡੇ ਸਰਹੱਦਾਂ ਦੀ ਰਖਵਾਲੀ ਲਈ ਬਹੁਤ ਬਹਾਦਰੀ ਨਾਲ ਲੜੇ ਅਤੇ ਉਨ੍ਹਾਂ ਵਿਚੋਂ ਕਈਆਂ ਨੇ ਦੇਸ਼ ਦੀ ਸੇਵਾ ਵਿਚ ਰਾਸ਼ਟਰ ਦੀ ਆਜ਼ਾਦੀ, ਏਕਤਾ ਅਤੇ ਅਖੰਡਤਾ ਲਈ ਮਹਾਨ ਬਲੀਦਾਨ ਦਿੱਤੇ ਹਨ | ਅੱਜ ਵੀ ਦੇਸ਼ ਦੀ ਅਜੋਕੀ ਹਾਲਤ ਵਿਚ ਵੀ ਉਹ ਵੱਧ ਚੜ੍ਹ ਕੇ ਜੂਝ ਰਹੇ ਹਨ, ਜਿਨ੍ਹਾਂ ਨੇ ਆਪਣਾ ਅੱਜ ਕੁਰਬਾਨ ਕਰਕੇ ਸਾਡਾ ਕੱਲ੍ਹ ਸੁਰੱਖਿਅਤ ਕੀਤਾ ਹੈ | ਅਸੀਂ ਸ਼ਹੀਦਾਂ ਦੇ ਰਿਣੀ ਹਾਂ, ਜਿਨ੍ਹਾਂ ਸਦਕਾ ਅਸੀਂ ਇਸ ਖ਼ੁਸ਼ਨੁਮਾ ਮਾਹੌਲ ਵਿਚ ਜੀਵਨ ਬਤੀਤ ਕਰ ਰਹੇ ਹਾਂ | ਇਸ ਸਮਾਰੋਹ ਕੈਬਨਿਟ ਮੰਤਰੀ ਵਲੋਂ 14 ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ 6,50,000/- ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਭੇਟ ਕੀਤੇ ਗਏ ਅਤੇ ਨਕਾਰਾ ਸਾਬਕਾ ਸੈਨਿਕਾਂ ਨੂੰ ਇਲੈਕਟ੍ਰੀਕਲ ਟਰਾਈ ਸਕੂਟਰ ਵੰਡੇ ਗਏ | ਸਾਬਕਾ ਸੈਨਿਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਤਕਲੀਫ਼ਾਂ ਦਾ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ | ਉਨ੍ਹਾਂ ਵਲੋਂ ਇਸ ਸਮੇਂ ਮੌਜੂਦ ਸਮੂਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਨੇ ਸਮੂਹ ਦਫ਼ਤਰੀ ਸਟਾਫ਼, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨਾਲ ਮੁਲਾਕਾਤ ਵੀ ਕੀਤੀ |