ਮਲੇਰਕੋਟਲਾ, 22 ਦਸੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਵਲੋਂ ਜ਼ਿਲ੍ਹੇ ਦੇ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਵਿਸਥਾਰਪੂਰਬਕ ਸਮੀਖਿਆ ਕੀਤੀ ਗਈ | ਇਸ ਸਮੀਖਿਆ ਮੀਟਿੰਗ ਦੌਰਾਨ ਸਰਕਾਰੀ ਜ਼ਮੀਨ 'ਤੇ ਨਜਾਇਜ਼ ਕਬਜ਼ਿਆਂ ਦੀ ਸਥਿਤੀ, ਆਰ.ਡੀ.ਓ.ਫ਼ੰਡ, ਵਿਵੇਕਸ਼ੀਲ ਫ਼ੰਡ, ਅੰਤਯੋਦਿਆ ਯੋਜਨਾ, ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ.ਐਮ.ਏ.ਵਾਈ.), ਮਨਰੇਗਾ, 'ਸਾਫ਼ ਪਿੰਡ-ਹਰਾ ਪਿੰਡ ਮੁਹਿੰਮ' ਅਤੇ ਸਵੱਛ ਭਾਰਤ ਮਿਸ਼ਨ ਅਧੀਨ ਹੋ ਰਹੇ ਕੰਮਾਂ ਦੀ ਪ੍ਰਗਤੀ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ ਗਿਆ | ਮੀਟਿੰਗ ਵਿਚ ਪਿੰਡਾਂ ਚ ਉਸਾਰੀਆਂ ਜਾ ਰਹੀਆਂ ਲਾਇਬ੍ਰੇਰੀਆਂ ਅਤੇ ਕਲਾਸ ਰੂਮਾਂ ਦੀ ਸਥਿਤੀ, ਪੀ.ਐਮ.ਜੇ.ਵੀ.ਕੇ. ਸਕੀਮ ਤਹਿਤ ਚੱਲ ਰਹੇ ਪ੍ਰੋਜੈਕਟ, ਆਂਗਣਵਾੜੀ ਸੈਂਟਰਾਂ ਦੇ ਨਿਰਮਾਣ ਕੰਮ, ਪੇਂਡੂ ਲਿੰਕ ਸੜਕਾਂ ਆਰ.ਐੱਸ.ਈ.ਟੀ.ਆਈ. ਕਾਰਜਕ੍ਰਮਾਂ, ਓ.ਡੀ.ਐਫ. ਪਲੱਸ ਸਕੀਮ ਆਦਿ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਡਿਪਟੀ ਕਮਿਸ਼ਨਰ ਨੇ ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ (ਬੀ.ਡੀ.ਪੀ.ਓਜ਼) ਨੂੰ ਸਪਸ਼ਟ ਅਤੇ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਹਰ ਇੱਕ ਵਿਕਾਸ ਕਾਰਜ ਦੀ ਨਿੱਜੀ ਤੌਰ 'ਤੇ ਜਮੀਨੀ ਜਾਂਚ ਕੀਤੀ ਜਾਵੇ | ਉਨ੍ਹਾਂ ਜ਼ੋਰ ਦਿੱਤਾ ਕਿ ਕੰਮਾਂ ਵਿਚ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਕੰਮ ਸਰਕਾਰੀ ਨਿਯਮਾਂ ਅਤੇ ਮਿਆਰਾਂ ਅਨੁਸਾਰ ਹੀ ਕੀਤੇ ਜਾਣ | ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ ਅਤੇ ਪਿੰਡਾਂ ਦੇ ਵਿਕਾਸ ਲਈ ਮਨਜ਼ੂਰ ਕੀਤੇ ਗਏ ਫ਼ੰਡਾਂ ਦੀ ਵਰਤੋਂ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਕੀਮ ਦਾ ਲਾਭ ਹਰ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ, ਜਿਸ ਲਈ ਮੌਕੇ 'ਤੇ ਨਿਗਰਾਨੀ ਬਹੁਤ ਜ਼ਰੂਰੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਮੀਟਿੰਗ ਦੌਰਾਨ ਜਾਰੀ ਕੀਤੀਆਂ ਹਦਾਇਤਾਂ 'ਤੇ ਕੀਤੀ ਗਈ ਕਾਰਵਾਈ ਦੀ ਵਿਸਥਾਰਪੂਰਬਕ ਲਿਖਤੀ ਰਿਪੋਰਟ ਅਗਲੀ ਸਮੀਖਿਆ ਮੀਟਿੰਗ ਵਿਚ ਲਾਜ਼ਮੀ ਤੌਰ 'ਤੇ ਪੇਸ਼ ਕੀਤੀ ਜਾਵੇ | ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ, ਦੇਰੀ ਜਾਂ ਗੜਬੜ ਪਾਈ ਗਈ ਤਾਂ ਸਬੰਧਿਤ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ, ਬੀ.ਡੀ.ਪੀ.ਓ ਬਬਲਜੀਤ ਕੌਰ, ਬੀ.ਡੀ.ਪੀ.ਓ ਜਸਮਿੰਦਰ ਸਿੰਘ, ਐੱਸ.ਡੀ.ਈ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਇੰਜ. ਲਵੇਸ਼ ਜੈਨ, ਐੱਸ.ਡੀ.ਓ ਪੀ.ਡਬਲਿਊ .ਡੀ ਹਰਮਨਜੀਤ ਸਿੰਘ ਢੀਂਡਸਾ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮਲੇਰਕੋਟਲਾ ਪਵਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |