ਮਲੇਰਕੋਟਲਾ, 22 ਦਸੰਬਰ (ਮਨਜਿੰਦਰ ਸਿੰਘ ਸਰੌਦ)-ਬੀਤੇ ਕਰੀਬ 2 ਮਹੀਨੇ ਪਹਿਲਾਂ ਸੂਬੇ ਦਾ ਕਿਸਾਨ ਡੀ.ਏ.ਪੀ. ਖਾਦ ਦੀ ਕਿੱਲਤ ਨੂੰ ਲੈ ਕੇ ਬੁਰੀ ਤਰ੍ਹਾਂ ਜੂਝਦਾ ਰਿਹਾ | ਜਿਸ ਦੇ ਨਾਲ ਵੱਡੇ ਪੱਧਰ 'ਤੇ ਕਿਸਾਨ ਦੀ ਫ਼ਸਲ ਦੀ ਬਿਜਾਈ ਪ੍ਰਭਾਵਿਤ ਹੋਈ | ਕਣਕ ਅਤੇ ਆਲੂ ਦੀ ਫ਼ਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਦੂਰ-ਦੂਰ ਤੱਕ ਡੀ.ਏ.ਪੀ. ਖਾਦ ਭਾਲੀ ਨਾ ਥਿਆਈ | ਕਿਸਾਨਾਂ ਨੇ ਦੂਰੋਂ ਨੇੜਿਉਂ ਆਪਣੀ ਫ਼ਸਲ ਦੀ ਬਿਜਾਈ ਲਈ ਖਾਦ ਦਾ ਪ੍ਰਬੰਧ ਕਰਕੇ ਬਿਜਾਈ ਨੂੰ ਤਾਂ ਨੇਪਰੇ ਚਾੜ ਲਿਆ ਪ੍ਰੰਤੂ ਹੁਣ ਕਿਸਾਨਾਂ ਨੂੰ ਕਣਕ ਜਾਂ ਆਪਣੀਆਂ ਹੋਰਨਾਂ ਫ਼ਸਲਾਂ ਦੇ ਲਈ ਯੂਰੀਆ ਖਾਦ ਨਹੀਂ ਮਿਲ ਰਹੀ | ਇਸ ਸਬੰਧੀ ਗੱਲਬਾਤ ਕਰਦਿਆਂ ਉੱਘੇ ਕਿਸਾਨ ਆਗੂ ਅਤੇ ਸਹਿਕਾਰੀ ਮੰਡੀਕਰਨ ਸਭਾ ਦੇ ਅਹੁਦੇਦਾਰਾਂ, ਚੇਅਰਮੈਨ ਪ੍ਰਦੁਮਣ ਸਿੰਘ ਦਲੇਲਗੜ੍ਹ, ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਰਬੰਸ ਸਿੰਘ ਚੌਂਦਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਡੀ.ਸੀ.ਯੂ. ਸੰਗਰੂਰ ਦੇ ਉਪ ਚੇਅਰਮੈਨ ਡਾ. ਪਰਮਜੀਤ ਸਿੰਘ ਗੁਆਰਾ, ਜਥੇਦਾਰ ਸ਼ੇਰ ਸਿੰਘ ਭੋਗੀਵਾਲ ਨੇ ਆਖਿਆ ਕਿ ਪੰਜਾਬ ਦੀ ਕਿਸਾਨੀ ਦੀ ਕਿੰਨੀ ਬਦਕਿਸਮਤੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਫ਼ਸਲ ਦੀ ਬਿਜਾਈ ਅਤੇ ਪਾਲਣ ਲਈ ਖਾਦ ਦਾ ਪ੍ਰਬੰਧ ਨਹੀਂ ਹੋ ਰਿਹਾ | ਸੂਬੇ ਦਾ ਕਿਸਾਨ ਯੂਰੀਆ ਖਾਦ ਦੀ ਭਾਲ ਵਿਚ ਬਾਟਾਗਾਹੀ ਕਰਦਾ ਹੋਇਆ ਆਪਣਾ ਕੀਮਤੀ ਸਮਾਂ ਬਰਬਾਦ ਕਰਕੇ ਕਿਸਮਤ 'ਤੇ ਝੂਰਦਾ ਪ੍ਰਤੀਤ ਹੁੰਦਾ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਅੱਜ ਜਦ ਕਿਸਾਨਾਂ ਵਲੋਂ ਕਣਕ ਦੀ ਬਿਜਾਈ ਕਰਨ ਤੋਂ ਬਾਅਦ ਉਸ ਨੂੰ ਕਰੀਬ ਇੱਕ ਮਹੀਨੇ ਤੋਂ ਬਾਅਦ ਪਾਣੀ ਲਗਾਉਣ ਦੇ ਪਹਿਲਾਂ ਅਤੇ ਬਾਅਦ ਯੂਰੀਆ ਖਾਦ ਦੀ ਲੋੜ ਹੁੰਦੀ ਹੈ ਤਾਂ ਹੁਣ ਪੰਜਾਬ ਅੰਦਰ ਯੂਰੀਆ ਖਾਦ ਦਾ ਗੰਭੀਰ ਸੰਕਟ ਪੈਦਾ ਹੋ ਚੁੱਕਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਹਰ ਰੋਜ਼ ਸਹਿਕਾਰੀ ਸਭਾਵਾਂ ਦੇ ਗੇੜੇ ਕੱਢ ਕੇ ਬੁਰੀ ਤਰ੍ਹਾਂ ਥੱਕ ਚੁੱਕਿਆ ਹੈ ਅਤੇ ਹਾਰ ਕੇ ਉਨ੍ਹਾਂ ਨੂੰ ਆਪਣੀ ਕਣਕ ਦੇ ਵਿਚ ਪਾਉਣ ਦੇ ਲਈ ਬਦਲਵਿਆਂ ਖਾਦਾਂ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਕਿਸਾਨ ਵਰਗ ਨੂੰ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਅੰਨ੍ਹੇਵਾਹ ਵਰਤੋਂ ਤੋਂ ਰੋਕਣਾ ਹੈ ਤਾਂ ਇਸ ਦੇ ਲਈ ਬਕਾਇਦਾ ਕੈਂਪ ਲਗਾ ਕੇ ਸੈਮੀਨਾਰ ਕਰਵਾਏ ਜਾਣ ਅਤੇ ਕਿਸਾਨਾਂ ਨੂੰ ਸਮਝਾਇਆ ਜਾਵੇ, ਇੱਕੋ ਵਾਰ ਖਾਦ ਦੀ ਸਪਲਾਈ ਰੋਕ ਕੇ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਸਗੋਂ ਕਿਸਾਨ ਪ੍ਰੇਸ਼ਾਨ ਹੁੰਦੇ ਹਨ | ਜਦ ਇਸ ਸਬੰਧੀ ਮਲੇਰਕੋਟਲਾ ਤੋਂ ਮਾਰਕਫੈੱਡ ਦੇ ਬਰਾਂਚ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |