ਛਾਜਲੀ, 23 ਦਸੰਬਰ (ਅਜਾਇਬ ਸਿੰਘ ਨੀਲੋਵਾਲ) - ਸਕੂਲ ਆਫ਼ ਐਮੀਨੈਂਸ ਛਾਜਲੀ ਵਿਖੇ ਸਕੂਲ ਦੀ ਮਿੱਟੀ ਨਾਲ ਅਥਾਹ ਪਿਆਰ ਰੱਖਣ ਵਾਲੇ ਪੁਰਾਣੇ ਵਿਦਿਆਰਥੀਆਂ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਵਲੋਂ ਸਕੂਲ ਸਥਾਪਨਾ ਦਿਵਸ ਭਰਪੂਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦਾ ਮਾਹੌਲ ਭਾਵਨਾਤਮਕ ਤੇ ਯਾਦਗਾਰ ਬਣ ਗਿਆ | ਸਮਾਰੋਹ ਦੌਰਾਨ ਸਕੂਲ ਦੇ ਸਾਬਕਾ ਪਿ੍ੰਸੀਪਲ ਦੇਸ਼ ਰਾਜ ਛਾਜਲੀ ਦੀ ਅਗਵਾਈ ਹੇਠ ਲੋਕ ਸੰਗੀਤ ਮੰਡਲੀ ਛਾਜਲੀ ਵਲੋਂ ਪੁਰਾਤਨ ਕਲੀ 'ਵੇ ਮੈਂ ਮਿੱਟੀ ਆਂ ਸਕੂਲ ਦੀ' ਦੀ ਮਨਮੋਹਕ ਪ੍ਰਸਤੁਤੀ ਦਿੱਤੀ ਗਈ, ਜਿਸ ਨੇ ਹਾਜ਼ਰ ਸੰਗਤ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ | ਇਸ ਮੌਕੇ ਪੁਰਾਣੇ ਵਿਦਿਆਰਥੀਆਂ ਕਾਮਰੇਡ ਸੰਪੂਰਨ ਸਿੰਘ ਐਡਵੋਕੇਟ ਛਾਜਲੀ, ਸ਼੍ਰੀ ਦੇਸ ਰਾਜ ਛਾਜਲੀ, ਜਸਵੀਰ ਲਾਡੀ, ਕਾਮਰੇਡ ਕਰਨੈਲ ਸਿੰਘ, ਕਾਮਰੇਡ ਸ਼ੇਰ ਸਿੰਘ (ਪ੍ਰਧਾਨ, ਲੋਕ ਸਭਿਆਚਾਰ ਮੰਚ ਛਾਜਲੀ), ਗਾਂਧੀ ਰਾਮ, ਮਿਸਤਰੀ ਮੰਗਾ ਸਿੰਘ ਅਤੇ ਸਾਇੰਸ ਅਧਿਆਪਕ ਜਸਵਿੰਦਰ ਸਿੰਘ ਨੇ ਆਪਣੇ ਸਕੂਲੀ ਜੀਵਨ ਦੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਇਹ ਸੰਸਥਾ ਉਨ੍ਹਾਂ ਦੀ ਸ਼ਖ਼ਸੀਅਤ ਦੀ ਨੀਂਹ ਹੈ ਅਤੇ ਉਹ ਹਮੇਸ਼ਾ ਸਕੂਲ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ | ਸਮਾਰੋਹ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਸ੍ਰੀ ਗੁਰਵਿੰਦਰ ਸਿੰਘ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਓਲਡ ਸਟੂਡੈਂਟ ਐਸੋਸੀਏਸ਼ਨ ਸਕੂਲ ਛਾਜਲੀ ਵਲੋਂ ਬੱਚਿਆਂ ਨੂੰ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ | ਸਮਾਰੋਹ ਦੌਰਾਨ ਅਧਿਆਪਕ ਅਮਨੀਸ਼ ਸ਼ਰਮਾ ਨੇ ਸਟੇਜ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਈ |