ਮਲੇਰਕੋਟਲਾ, 23 ਦਸੰਬਰ (ਮਨਜਿੰਦਰ ਸਿੰਘ ਸਰੌਦ)-ਬੀਤੇ ਦਿਨੀਂ ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸੰਪੰਨ ਹੋਈਆਂ ਹਨ | ਇਨ੍ਹਾਂ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਵਲੋਂ ਹਾਸਿਲ ਕੀਤੀਆਂ ਵੋਟਾਂ ਨੂੰ ਆਧਾਰ ਬਣਾ ਕੇ 'ਸਿਆਸੀ ਝੱਸ' ਰੱਖਣ ਵਾਲੇ ਲੋਕ ਆਪੋਂ-ਆਪਣੀ ਚਰਚਾ ਰਾਹੀਂ ਇੱਕ ਦੂਜੇ ਤੇ ਤਿੱਖੇ ਕਟਾਕਸ ਕਰਦੇ ਨਜ਼ਰੀਂ ਪੈਂਦੇ ਹਨ | ਰਾਜਨੀਤਿਕ ਧਰਾਤਲ 'ਤੇ ਸਿਆਸੀ ਮਾਹਿਰਾਂ ਵਲੋਂ ਕਿਸੇ ਵੀ ਚੋਣ ਦੌਰਾਨ ਚੋਣ ਲੜਨ ਵਾਲੀਆਂ ਸੰਬੰਧਿਤ ਧਿਰਾਂ ਵਲੋਂ ਹਾਸਲ ਕੀਤੀਆਂ ਵੋਟਾਂ ਦੇ ਜੋੜ-ਘਟਾਓ ਨੂੰ ਸੰਭਾਵੀ ਰਣਨੀਤੀ ਲਈ ਅਹਿਮ ਮੰਨਿਆ ਜਾਂਦਾ ਹੈ | ਸਿਆਸੀ ਅਲਜਬਰੇ ਦੇ ਮਾਹਿਰ ਲੋਕ ਕਿਸੇ ਵੀ ਪਾਰਟੀ ਵਲੋਂ ਹਾਸਿਲ ਕੀਤੀ ਵੋਟ ਫ਼ੀਸਦੀ ਨੂੰ ਅੱਗੇ ਰੱਖ ਕੇ ਅਗਲੀ ਵਿਉਂਤਬੰਦੀ ਬਣਾਉਂਦੇ ਹਨ | ਰਾਜਨੀਤੀ ਦੇ ਪੌ੍ਰੜ੍ਹ ਖਿਡਾਰੀਆਂ ਵਲੋਂ ਸਦਾ ਹੀ ਆਪਣੇ ਵੋਟ ਸ਼ੇਅਰ ਨੂੰ ਧਿਆਨ ਵਿਚ ਰੱਖਦੇ ਹੋਏ ਨਵੀਂ ਰਣਨੀਤੀ ਤੈਅ ਕੀਤੀ ਜਾਂਦੀ ਹੈ | ਹਲਕਾ ਅਮਰਗੜ੍ਹ ਦੇ ਅੰਦਰ ਕੁੱਲ 7 ਜ਼ਿਲ੍ਹਾ ਪ੍ਰੀਸ਼ਦਾਂ ਤੋਂ ਇਲਾਵਾ ਦੋਵੇਂ ਬਲਾਕਾਂ ਅਮਰਗੜ੍ਹ ਤੇ ਅਹਿਮਦਗੜ੍ਹ ਦੇ ਅੰਦਰ ਪੰਚਾਇਤ ਸੰਮਤੀਆਂ ਦੇ ਕੁੱਲ 30 ਜ਼ੋਨ ਹਨ | ਬੀਤੇ ਦਿਨੀਂ ਆਏ ਨਤੀਜਿਆਂ ਦੀ ਜੇਕਰ ਗੱਲ ਕਰੀਏ ਤਾਂ ਹਲਕੇ ਦੇ ਅੰਦਰ 7 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੇ ਵਿਚੋਂ 5 ਜ਼ੋਨਾਂ ਲਸੋਈ, ਕੰਗਣਵਾਲ, ਕੁੱਪ ਕਲਾਂ, ਚੌਂਦਾ, ਮੰਨਵੀ 'ਤੇ 'ਆਪ' ਨੇ ਕਬਜ਼ਾ ਕੀਤਾ | ਜ਼ਿਲ੍ਹਾ ਪ੍ਰੀਸ਼ਦ ਦਾ ਬਾਗੜ੍ਹੀਆਂ ਜ਼ੋਨ ਆਜ਼ਾਦ ਤੇ ਮਾਣਕਮਾਜਰਾ ਜ਼ੋਨ ਕਾਂਗਰਸ ਦੇ ਹਿੱਸੇ ਗਿਆ | ਇਸੇ ਤਰ੍ਹਾਂ ਹਲਕਾ ਅਮਰਗੜ੍ਹ ਦੇ ਵਿਚ ਪੰਚਾਇਤ ਸੰਮਤੀ ਦੇ 30 ਜ਼ੋਨਾਂ ਦੇ ਵਿਚੋਂ 17 ਜ਼ੋਨ ਜਿੱਤ ਕੇ 'ਆਪ' ਨੇ ਇਤਿਹਾਸ ਸਿਰਜਿਆ | ਜਦਕਿ ਪੰਚਾਇਤ ਸੰਮਤੀ ਦੇ 8 ਜ਼ੋਨ ਕਾਂਗਰਸ, 4 ਜ਼ੋਨਾਂ 'ਤੇ ਆਜ਼ਾਦ ਉਮੀਦਵਾਰ ਤੇ ਅਕਾਲੀ ਦਲ (ਬ) 1 ਜ਼ੋਨ 'ਤੇ ਜੇਤੂ ਰਿਹਾ | ਜੇਕਰ ਇਨ੍ਹਾਂ ਚੋਣਾਂ ਦੌਰਾਨ ਵੋਟ ਫ਼ੀਸਦੀ ਦੀ ਗੱਲ ਕਰੀਏ ਤਾਂ 'ਆਪ' ਨੇ ਸਾਰੀਆਂ ਸਿਆਸੀ ਧਿਰਾਂ ਨਾਲੋਂ ਵੱਧ ਵੋਟ ਹਾਸਲ ਕੀਤੇ | ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਪਹਿਲਾਂ ਹੀ ਇਹ ਆਖ ਚੁੱਕੇ ਹਨ ਕਿ ਉਨ੍ਹਾਂ ਦੇ ਉਮੀਦਵਾਰਾਂ ਦੇ ਮੁਕਾਬਲੇ ਇਹ ਚੋਣ ਸਾਰੀਆਂ ਸਿਆਸੀ ਧਿਰਾਂ ਵਲੋਂ ਰਲ ਕੇ ਲੜੀ ਗਈ, ਜਿਸ ਦੇ ਬਾਵਜੂਦ ਉਨ੍ਹਾਂ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਕਈ ਜ਼ੋਨਾਂ ਉੱਤੇ ਤਾਂ 'ਆਪ' ਦੇ ਉਮੀਦਵਾਰ ਸਾਂਝੀਆਂ ਧਿਰਾਂ ਦੇ ਉਮੀਦਵਾਰਾਂ ਤੋਂ ਕਈ ਗੁਣਾ ਅੱਗੇ ਨਿਕਲ ਗਏ | ਕ੍ਰਮਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਕੁੱਲ ਪੋਲ ਹੋਈ 68025 ਹਜ਼ਾਰ ਵੋਟਾਂ ਦੇ ਵਿਚੋਂ 'ਆਪ' ਨੂੰ 26952 ਵੋਟਾਂ ਪ੍ਰਾਪਤ ਹੋਈਆਂ ਜਿਸ ਦਾ ਫ਼ੀਸਦੀ ਅੰਕੜਾ 39.6 ਬਣਦਾ ਹੈ | ਕਾਂਗਰਸ ਨੂੰ 31.3 ਫ਼ੀਸਦੀ ਨਾਲ 21325 ਵੋਟ ਮਿਲੇ | ਅਜ਼ਾਦਾਂ ਨੂੰ 9282 ਨਾਲ 13.7 ਫ਼ੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ 13.9 ਫ਼ੀਸਦੀ ਨਾਲ 9522 ਵੋਟਾਂ ਹਾਸਲ ਹੋਈਆਂ | ਭਾਜਪਾ ਨੇ 1.3 ਫ਼ੀਸਦੀ ਨਾਲ 914 ਵੋਟਾਂ ਪ੍ਰਾਪਤ ਕੀਤੀਆਂ | ਜ਼ਿਲ੍ਹਾ ਪ੍ਰੀਸ਼ਦ ਦੇ ਵਿਚ ਆਮ ਆਦਮੀ ਪਾਰਟੀ ਨੇ ਆਪਣੀ ਮੁੱਖ ਵਿਰੋਧੀ ਧਿਰ ਕਾਂਗਰਸ ਨਾਲੋਂ ਕਰੀਬ 5597 ਵੋਟ ਵੱਧ ਹਾਸਿਲ ਕੀਤੇ | ਪੰਚਾਇਤ ਸੰਮਤੀ ਦੇ ਵਿਚ ਕਰੀਬ 68373 ਵੋਟ ਪੋਲ ਹੋਏ ਜਿਸ ਦੇ ਵਿਚੋਂ 'ਆਪ' ਨੂੰ 28211 ਵੋਟਾਂ ਨਾਲ 41.2 ਫ਼ੀਸਦੀ, ਕਾਂਗਰਸ ਨੂੰ 23071 ਵੋਟਾਂ ਨਾਲ 33.7 ਫ਼ੀਸਦੀ, ਅਜ਼ਾਦਾਂ ਨੂੰ 10880 ਨਾਲ 15.9 ਫ਼ੀਸਦੀ, ਅਕਾਲੀ ਦਲ (ਬ) ਨੂੰ 5212 ਵੋਟਾਂ ਨਾਲ 7.6 ਫ਼ੀਸਦੀ ਵੋਟ ਹਾਸਲ ਹੋਏ ਤੇ ਭਾਜਪਾ ਦਾ ਵੋਟ ਸ਼ੇਅਰ ਹਲਕੇ ਅੰਦਰ 546 ਵੋਟਾਂ ਨਾਲ 0.7 ਫ਼ੀਸਦੀ ਰਿਹਾ | ਪੰਚਾਇਤ ਸੰਮਤੀ ਦੇ ਵਿਚ 'ਆਪ' ਦੀਆਂ ਕਾਂਗਰਸ ਦੇ ਨਾਲੋਂ ਕਰੀਬ 5140 ਵੋਟਾਂ ਵਧੀਆਂ ਹਨ | 'ਆਪ' ਦੇ ਸਮਰਥਕਾਂ ਅਨੁਸਾਰ ਪਿਛਲੀ ਵਿਧਾਨ ਸਭਾ ਚੋਣ ਦੌਰਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਰੀਬ 5700 ਵੋਟਾਂ ਦੇ ਫ਼ਰਕ ਨਾਲ ਸਿਮਰਜੀਤ ਸਿੰਘ ਮਾਨ ਨੂੰ ਹਰਾਇਆ ਸੀ, ਜੋ ਅੰਕੜਾ ਕਰੀਬ ਅੱਜ ਵੀ ਬਰਕਰਾਰ ਹੈ | 'ਆਪ' ਸਮਰਥਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਕਈ ਜ਼ੋਨਾਂ ਉੱਤੇ ਤਾਂ 'ਆਪ' ਉਮੀਦਵਾਰਾਂ ਦੇ ਮੁਕਾਬਲੇ 'ਤੇ ਕਈ ਸਾਂਝੀਆਂ ਧਿਰਾਂ ਦੇ ਉਮੀਦਵਾਰ ਸਨ ਪ੍ਰੰਤੂ ਉਹ ਵੀ 'ਆਪ' ਉਮੀਦਵਾਰਾਂ ਤੋਂ ਚੋਣ ਹਾਰ ਗਏ | ਕਈ ਥਾਵਾਂ ਤੇ ਆਜ਼ਾਦ ਉਮੀਦਵਾਰਾਂ ਨੂੰ ਬਾਕੀ ਧਿਰਾਂ ਦਾ ਫ਼ਾਇਦਾ ਜ਼ਰੂਰ ਹੋਇਆ | ਹਲਕਾ ਅਮਰਗੜ੍ਹ ਦੇ ਅੰਦਰ ਕਾਂਗਰਸ ਨੂੰ ਕੋਈ ਇੱਕ ਪ੍ਰਮੁੱਖ ਆਗੂ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹਲਕਾ ਇੰਚਾਰਜ ਦੀ ਘਾਟ ਲੈ ਬੈਠੀ | ਜਿੱਤ ਤੋਂ ਬਾਗ਼ੋ-ਬਾਗ਼ ਨਜ਼ਰ ਆ ਰਹੇ ਵਿਧਾਇਕ ਪ੍ਰੋ. ਗੱਜਣਮਾਜਰਾ ਦਾ ਕਹਿਣਾ ਹੈ ਕਿ 2027 ਦੀ ਵਿਧਾਨ ਸਭਾ ਚੋਣ ਮੌਕੇ ਜਦ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਹੋਣਗੇ ਤਾਂ ਉਨ੍ਹਾਂ ਦੀ ਵੋਟ ਫ਼ੀਸਦੀ ਵਿਚ ਹੋਰ ਵੱਡਾ ਵਾਧਾ ਹੋਵੇਗਾ | ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੇਅਰਮੈਨੀਆਂ ਸਬੰਧੀ ਤਾਂ ਭਾਵੇਂ 'ਆਪ' ਹਾਈ ਕਮਾਂਡ ਦਾ ਆਖ਼ਰੀ ਫੈਸਲਾ ਮੰਨਿਆ ਜਾਵੇਗਾ ਪਰ ਇਹ ਦੋਵੇਂ ਚੇਅਰਮੈਨੀਆਂ ਪ੍ਰੋ. ਗੱਜਣਮਾਜਰਾ ਦੇ ਖਾਤੇ ਲਗਭਗ ਪੈ ਚੁੱਕੀਆਂ ਹਨ | ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਵਿਚ ਆਪਣਾ ਵੋਟ ਫ਼ੀਸਦੀ ਵਧਣ ਤੋਂ ਬਾਅਦ ਸੱਤਾਧਾਰੀ ਧਿਰ ਖ਼ੁਸ਼ੀ ਭਰੇ ਰੌਅ ਦੇ ਵਿਚ ਨਜ਼ਰ ਆ ਰਹੀ ਹੈ |