ਲੌਂਗੋਵਾਲ, 24 ਦਸੰਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਖੇ 'ਸਮਾਰਟ ਕੰਪੋਜ਼ਿਟ ਮਟੀਰੀਅਲਜ਼ ਟੈਕਨਾਲੋਜੀਜ਼ ਐਂਡ ਐਪਲੀਕੇਸ਼ਨਜ਼' ਸਿਰਲੇਖ ਵਾਲੇ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਉਦਘਾਟਨ ਹੋਇਆ ਹੈ | ਇਹ ਪ੍ਰੋਗਰਾਮ ਰਾਸ਼ਟਰੀ ਸਿੱਖਿਆ ਨੀਤੀ ਦੇ ਪਰਿਵਰਤਨਸ਼ੀਲ ਦਿ੍ਸ਼ਟੀਕੋਣ ਦੇ ਅਨੁਕੂਲ ਤਿਆਰ ਕੀਤਾ ਗਿਆ ਹੈ ਜੋ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਰਾਸ਼ਟਰ-ਕੇਂਦਿ੍ਤ ਨਵੀਨਤਾ 'ਤੇ ਕੇਂਦਰਿਤ ਹੈ | ਉਦਘਾਟਨੀ ਸਮਾਗਮ ਵਿਚ ਥਾਪਰ ਪੌਲੀਟੈਕਨਿਕ ਕਾਲਜ ਪਟਿਆਲਾ ਦੇ ਪਿ੍ੰਸੀਪਲ ਪ੍ਰੋ. ਅੰਕੁਸ਼ ਕਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਉਦਘਾਟਨੀ ਭਾਸ਼ਣ ਵਿਚ ਸਵਦੇਸ਼ੀ ਸਭਿਆਚਾਰ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਚ ਸਵੈ-ਨਿਰਭਰਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪ੍ਰੋ. ਮਨੀ ਕਾਂਤ ਪਾਸਵਾਨ ਡਾਇਰੈਕਟਰ ਸਲਾਇਟ ਨੇ ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ | ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਸ਼ੰਕਰ ਸਿੰਘ ਨੇ ਆਨਲਾਈਨ ਮੋਡ ਵਿਚ ਪ੍ਰੋਗਰਾਮ ਵਿਚ ਸ਼ਾਮਲ ਹੋਏ | ਪ੍ਰੋ. ਸ਼ੰਕਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਇਸ ਗੱਲ 'ਤੇ ਕੇਂਦਰਿਤ ਕੀਤਾ ਗਿਆ ਹੈ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਮਸ਼ੀਨ ਲਰਨਿੰਗ (ਐਮ.ਐਲ.), ਅਤੇ ਐਡੀਟਿਵ ਮੈਨੂਫੈਕਚਰਿੰਗ (3 ਡੀ ਪਿ੍ੰਟਿੰਗ) ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨਵੇਂ ਯੁੱਗ ਦੇ ਮਿਸ਼ਰਤ ਮਿਸ਼ਰਣਾਂ ਅਤੇ ਸੰਯੁਕਤ ਸਮਗਰੀ ਦੇ ਡਿਜ਼ਾਈਨ ਅਤੇ ਵਿਕਾਸ ਵਿਚ ਕ੍ਰਾਂਤੀ ਲਿਆ ਰਹੀਆਂ ਹਨ | ਇਸ ਮੌਕੇ ਪ੍ਰੋ. ਏ.ਐਸ. ਸ਼ਾਹੀ ਡੀਨ (ਅਕਾਦਮਿਕ), ਪ੍ਰੋ. ਜਗਤਾਰ ਸਿੰਘ, ਐੱਚ.ਓ.ਡੀ. ਇੰਚਾਰਜ, ਡਾ. ਰਾਕੇਸ਼ ਕੁਮਾਰ, ਡਾ. ਮੁਹੰਮਦ ਮਾਜਿਦ, ਸ਼੍ਰੀ ਦਿਵੇਸ਼ ਭਾਰਤੀ, ਸ਼੍ਰੀ ਅਨਿਲ ਕੁਮਾਰ ਸਪਾਂਸਰ ਟੀ.ਆਰ.ਐਸ. ਗਲੋਬਲ ਬਿਜ਼ਨਸ ਸਲਿਊਸ਼ਨਜ਼ ਹਾਜ਼ਰ ਸਨ | ਇਸ ਪ੍ਰੋਗਰਾਮ ਵਿਚ ਡੈਨਮਾਰਕ, ਆਸਟੇ੍ਰਲੀਆ, ਯੂਨਾਈਟਿਡ ਕਿੰਗਡਮ ਅਤੇ ਬੈਂਕਾਕ ਸਮੇਤ ਦੇਸ਼ ਭਰ ਦੀਆਂ ਵੱਖ-ਵੱਖ ਇੰਜੀਨੀਅਰਿੰਗ ਯੂਨੀਵਰਸਿਟੀਆਂ, ਆਈ.ਆਈ.ਟੀ., ਐਨ.ਆਈ.ਟੀ., ਸੰਸਥਾਵਾਂ, ਕਾਲਜਾਂ ਅਤੇ ਉਦਯੋਗਾਂ ਦੇ ਕੁੱਲ 57 ਭਾਗੀਦਾਰਾਂ ਹਿੱਸਾ ਲੈ ਰਹੇ ਹਨ |