ਫ਼ਿਰੋਜ਼ਪੁਰ, 3 ਜੂਨ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜ਼ਪੁਰ ਵਿਚ 2 ਵਿਅਕਤੀਆਂ ਤੋਂ 5 ਗ੍ਰਾਮ ਹੈਰੋਇਨ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਸਿਟੀ ਥਾਣਾ ਦੇ ਐੱਸ.ਐੱਚ.ਓ ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਖਾਈ ਰੋਡ ਬਜਾਜ ਡੇਰੀ ਨਜ਼ਦੀਕ ਪੁੱਜੀ ਤਾਂ ਬਜਾਜ ਡੇਰੀ ਨੂੰ ਜਾਂਦੇ ਕੱਚੇ ਰਸਤੇ 'ਤੇ ਦੋ ਨੌਜਵਾਨ ਖੜੇ ਦਿਖਾਈ ਦਿੱਤੇ ਜਿਨ੍ਹਾਂ ਤੋਂ ਨਾਂ ਪਤਾ ਪੁੱਛਿਆ ਗਿਆ ਤਾਂ ਉਹ ਘਬਰਾ ਗਏ | ਘਬਰਾਏ ਹੋਏ ਇਕ ਨੌਜਵਾਨ ਨੇ ਇਕ ਮੋਮੀ ਲਿਫ਼ਾਫ਼ਾ ਜ਼ਮੀਨ 'ਤੇ ਸੁੱਟ ਦਿੱਤਾ | ਐੱਸ. ਐੱਚ. ਓ ਜਤਿੰਦਰ ਸਿੰਘ ਵਲੋਂ ਪੁੱਛਣ 'ਤੇ ਲਿਫ਼ਾਫ਼ਾ ਸੁੱਟਣ ਵਾਲੇ ਨੇ ਆਪਣਾ ਨਾਮ ਬੰਟੀ ਪੁੱਤਰ ਯੋਧਾ ਅਤੇ ਦੂਸਰੇ ਨੇ ਆਪਣਾ ਨਾਮ ਜਸਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਦੱਸਿਆ ਜਿਨ੍ਹਾਂ ਨੂੰ ਸੁੱਟੇ ਹੋਏ ਮੋਮੀ ਪਾਰਦਰਸ਼ੀ ਲਿਫ਼ਾਫ਼ੇ ਨੂੰ ਖ਼ੋਲ ਕੇ ਦੇਖਿਆ ਤਾਂ ਉਸ ਵਿਚ ਹੈਰੋਇਨ ਜਿਸ ਦਾ ਕੁੱਲ ਵਜ਼ਨ ਮੋਮੀ ਲਿਫ਼ਾਫ਼ੇ ਸਮੇਤ 5 ਗ੍ਰਾਮ ਹੋਇਆ | ਜਿਨ੍ਹਾਂ ਨੂੰ ਮੌਕੇ 'ਤੇ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ | ਸਿਟੀ ਥਾਣਾ ਦੇ ਐੱਸ. ਐੱਚ. ਓ ਜਤਿੰਦਰ ਸਿੰਘ ਨੇ ਕਾਬੂ ਕੀਤੇ ਬੰਟੀ ਪੁੱਤਰ ਯੋਧਾ ਵਾਸੀ ਵਾਰਡ ਨੰਬਰ 2 ਆਵਾ ਬਸਤੀ ਫ਼ਿਰੋਜ਼ਪੁਰ ਸ਼ਹਿਰ, ਜਸਪ੍ਰੀਤ ਸਿੰਘ ਉਰਫ਼ ਰੋਹਨ ਪੁੱਤਰ ਹਰਵਿੰਦਰ ਸਿੰਘ ਵਾਸੀ ਨਾਨਕ ਪੂਰਾ ਕਾਲੋਨੀ ਬਾਂਸੀ ਗੇਟ ਫ਼ਿਰੋਜ਼ਪੁਰ ਸ਼ਹਿਰ ਤੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕਰਕੇ 21 ਐਨ.ਡੀ.ਪੀ.ਐੱਸ 111 ਬੀ. ਐਨ. ਐੱਸ ਐਕਟ ਤਹਿਤ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮੁਕੱਦਮਾ ਦਰਜ ਕੀਤਾ |