ਫ਼ਿਰੋਜ਼ਪੁਰ, 5 ਸਤੰਬਰ (ਕੁਲਬੀਰ ਸਿੰਘ ਸੋਢੀ)- ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਧੇਰੇ ਪਿੰਡ ਸਤਲੁਜ ਦਰਿਆ ਨੇੜੇ ਵਸੇ ਹੋਏ ਹਨ ਤੇ ਸਾਰਾ ਇਲਾਕਾ ਸਰਹੱਦੀ ਹੈ ਜਿਸ ਨੂੰ ਵੱਡੀ ਮਾਰ ਸਰਹੱਦੀ ਹੋਣ ਕਰਕੇ ਪਹਿਲਾ ਹੀ ਪੈਂਦੀ ਹੈ ਤੇ ਰਹਿੰਦੀ ਖੂਹੰਦੀ ਕਸਰ ਹੜ੍ਹਾਂ ਦੇ ਪਾਣੀ ਨਾਲ ਨਿਕਲ ਜਾਂਦੀ ਹੈ | ਪਿਛਲੇ ਸਾਲ 2023 ਵਿਚ ਵੀ ਹੜ੍ਹ ਦੀ ਮਾਰ ਕਰਕੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਇਸ ਵਾਰ ਪਹਿਲਾ ਨਾਲੋਂ ਵੱਧ ਨੁਕਸਾਨ ਹੋ ਚੁੱਕਿਆ ਹੈ | ਹਲਕਾ ਸ਼ਹਿਰੀ ਦੇ ਰਣਬੀਰ ਸਿੰਘ ਭੁੱਲਰ ਵਲੋਂ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਮੁੱਚੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਿਆਰੀ ਕੀਤੀ ਹੋਈ ਹੈ | ਉਨ੍ਹਾਂ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਮੁਸ਼ਕਲਾਂ ਸੁਣੀਆਂ ਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਹਿਮਾਂਸ਼ੂ ਠੱਕਰ ਨਿੱਜੀ ਸਕੱਤਰ, ਗੁਰਭੇਜ ਸਿੰਘ, ਅਮਰਿੰਦਰ ਸਿੰਘ, ਗੁਰਜੀਤ ਸਿੰਘ ਚੀਮਾ, ਸੁਖਦੇਵ ਸਿੰਘ ਭੱਦਰੂ, ਦਵਿੰਦਰ ਸਿੰਘ ਉੱਪਲ ਟੋਨਾ ਤੇ ਹੋਰ ਸਾਥੀ ਹਾਜ਼ਰ ਸਨ |