ਫ਼ਾਜ਼ਿਲਕਾ, 23 ਨਵੰਬਰ (ਦਵਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਉਸ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਪ੍ਰਤੀ ਕਿਤਨੀ ਵਫ਼ਾਦਾਰ ਹੈ, ਕੇਂਦਰ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ | ਇਹ ਸ਼ਬਦ ਪੰਜਾਬ ਦੇ ਸਾਬਕਾ ਮੰਤਰੀ, ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਹੰਸਰਾਜ ਜੋਸਨ ਨੇ ਪੈੱ੍ਰਸ ਨੂੰ ਜਾਰੀ ਇਕ ਬਿਆਨ ਵਿਚ ਕਹੇ | ਉਨ੍ਹਾਂ ਕਿਹਾ ਕਿ ਕਿਤਨੀ ਦੁਖਦਾਈ ਗੱਲ ਹੈ ਕਿ ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਆਈ ਹੈ ਉਹ ਕਦਮ-ਕਦਮ 'ਤੇ ਪੰਜਾਬੀਆਂ ਨਾਲ ਖਿਲਵਾੜ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਤਿੰਨ ਕਿਸਾਨੀ ਬਿੱਲਾਂ ਦਾ ਮਾਮਲਾ ਪੈਦਾ ਕੀਤਾ, ਫਿਰ ਕਿਸਾਨਾਂ ਦੇ ਐਮ.ਐੱਸ.ਪੀ.ਨੂੰ ਲੈ ਕੇ ਵਿਵਾਦ ਖੜ੍ਹਾ ਕਰਵਾਇਆ, ਭਾਖੜਾ ਡੈਮ ਤੋਂ ਪੰਜਾਬ ਦਾ ਹੱਕ ਖੋਇਆ, ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀ ਸਾਜ਼ਿਸ਼ ਰਚੀ ਗਈ | ਜਦ ਪੰਜਾਬੀਆਂ ਦਾ ਗ਼ੁੱਸਾ ਜਾਗਿਆ ਤਾਂ ਇਹ ਨੋਟੀਫ਼ਿਕੇਸ਼ਨ ਵਾਪਸ ਲੈਣਾ ਪਿਆ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਚੰਡੀਗੜ੍ਹ ਸ਼ਹਿਰ ਨੂੰ ਕੇਂਦਰ ਸਰਕਾਰ ਸਿੱਧਾ ਆਪਣੇ ਅਧੀਨ ਕੰਟਰੋਲ ਕਰਨ ਦਾ ਬਿੱਲ ਲਿਆ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨਾਲ ਇਹ ਬੜਾ ਵੱਡਾ ਧੋਖਾ ਹੋਵੇਗਾ | ਉਨ੍ਹਾਂ ਕਿਹਾ ਕਿ ਅਸਲ 'ਚ ਕੇਂਦਰ ਸਰਕਾਰ ਪੰਜਾਬੀਆਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਪੰਜਾਬੀ ਅੱਜ ਤੱਕ ਕਿਸੇ ਤੋਂ ਦਬੇ ਨਹੀਂ |ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁੱਝ ਲੀਡਰ ਜੋ ਕਦੇ ਪੰਜਾਬ ਹਿਤੈਸ਼ੀ ਗੱਲਾਂ ਕਰਦੇ ਸਨ ਉਨ੍ਹਾਂ ਦੀ ਚੁੱਪੀ ਸਾਬਤ ਕਰਦੀ ਹੈ ਕਿ ਸਿਰਫ਼ ਸਤਾ ਲਾਲਸਾ ਲਈ ਉਹ ਪੰਜਾਬੀਆਂ ਨੂੰ ਗੁਮਰਾਹ ਕਰਦੇ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੇ ਇਸ ਫ਼ੈਸਲੇ 'ਤੇ ਮੁੜ ਨਜ਼ਰਸਾਨੀ ਕਰੇ |