ਫਿਰੋਜ਼ਪੁਰ, 6 ਦਸੰਬਰ(ਨਿੱਜੀ ਪੱਤਰ ਪ੍ਰੇਰਕ)-ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਭਾਗ ਵਲੋਂ 63ਵਾਂ ਸਥਾਪਨਾ ਦਿਵਸ ਡਵੀਜ਼ਨਲ ਕਮਾਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਹੈੱਡ ਕੁਆਟਰ ਫਿਰੋਜ਼ਪੁਰ ਵਿਖੇ ਮਨਾਇਆ ਗਿਆ | ਇਸ ਮੌਕੇ ਅਨਿਲ ਕੁਮਾਰ ਪਰੂਥੀ ਡਵੀਜ਼ਨਲ ਕਮਾਡੈਂਟ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਵਲੋਂ ਭਾਰਤ ਦੇ ਰਾਸ਼ਟਰਪਤੀ ਦਰੋਪਤੀ ਮੂਰਮੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਗ੍ਰਹਿ ਸਕੱਤਰ ਭਾਰਤ ਸਰਕਾਰ ਸੁਨੀਲ ਕੁਮਾਰ ਝਾਅ ਡਾਇਰੈਕਟਰ ਸਿਵਲ ਡਿਫੈਂਸ ਭਾਰਤ ਸਰਕਾਰ ਅਤੇ ਸੰਜੀਵ ਕਾਲੜਾ ਸਪੈਸ਼ਲ ਡੀ.ਜੀ.ਪੀ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਵਲੋਂ ਭੇਜੇ ਗਏ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ ਅਤੇ ਸਮੂਹ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਅਧਿਕਾਰੀਆਂ, ਕਰਮਚਾਰੀਆਂ ਅਤੇ ਵਲੰਟੀਅਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਪਰਮਿੰਦਰ ਸਿੰਘ ਥਿੰਦ, ਡਿਪਟੀ ਚੀਫ਼ ਵਾਰਡਨ ਪ੍ਰੇਮ ਨਾਥ ਸ਼ਰਮਾ, ਹਰੀ ਰਾਮ ਖਿੰਦੜੀ, ਅਰੂਨ ਸ਼ਰਮਾ ਤੇ ਰਾਜੇਸ਼ ਕੁਮਾਰ ਪੋਸਟ ਵਾਰਡਨ ਅਤੇ ਕਮਲਪ੍ਰੀਤ ਸਿੰਘ ਢਿੱਲੋਂ ਬਟਾਲੀਅਨ ਕਮਾਂਡਰ ਵਾਧੂ ਚਾਰਜ ਜ਼ਿਲ੍ਹਾ ਕਮਾਂਡਰ ਪੰਜਾਬ ਹੋਮਗਾਰਡਜ਼ ਫਿਰੋਜ਼ਪੁਰ, ਗੁਰਲਵਦੀਪ ਸਿੰਘ ਗਰੇਵਾਲ ਬਟਾਲੀਅਨ ਕਮਾਂਡਰ ਫਿਰੋਜ਼ਪੁਰ ਨੂੰ ਚੰਗੀਆਂ ਸੇਵਾਵਾਂ ਬਦਲੇ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਡਿਊਟੀ ਸਥਾਨਾਂ 'ਤੇ ਡਿਊਟੀ ਕਰ ਰਹੇ ਸਮੂਹ ਪੰਜਾਬ ਹੋਮਗਾਰਡਜ਼ ਜਵਾਨਾਂ ਦੀ ਸ਼ਲਾਘਾ ਕਰਦਿਆਂ ਹੋਰ ਵੀ ਉੱਚ ਪੱਧਰੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ | ਸਟੇਜ ਸੈਕਟਰੀ ਦੀ ਡਿਊਟੀ ਕੰਪਨੀ ਕਮਾਂਡਰ ਪਰਮਿੰਦਰ ਸਿੰਘ ਬਾਠ ਵਲੋਂ ਨਿਭਾਈ ਗਈ | ਪਰਮਿੰਦਰ ਸਿੰਘ ਥਿੰਦ ਚੀਫ਼ ਵਾਰਡਨ ਵਲੋਂ ਆਪਣੇ ਸੰਬੋਧਨ ਵਿਚ ਪੰਜਾਬ ਹੋਮਗਾਰਡਜ਼ ਦੇ ਜਵਾਨਾਂ ਦੀ ਡਿਊਟੀ ਦੀ ਸ਼ਲਾਘਾ ਕੀਤੀ ਅਤੇ ਜਵਾਨਾਂ ਨੂੰ ਸਥਾਪਨਾ ਦਿਵਸ ਦੀਆ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਹੋਮਗਾਰਡਜ਼ ਜਵਾਨਾਂ ਨੂੰ ਵਧੀਆ ਡਿਊਟੀਆਂ ਬਦਲੇ ਪ੍ਰਸੰਸਾ ਪੱਤਰ ਭੇਟ ਕੀਤੇ ਗਏ ਅਤੇ ਉਨ੍ਹਾਂ ਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ |