ਫ਼ਿਰੋਜ਼ਪੁਰ, 7 ਦਸੰਬਰ (ਰਾਕੇਸ਼ ਚਾਵਲਾ)-ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ. ਨਗਰ (ਮੁਹਾਲੀ) ਦੀ ਪ੍ਰਵਾਨਗੀ 'ਤੇ 6 ਦਸੰਬਰ ਤੋਂ 6 ਜਨਵਰੀ 2026 ਤੱਕ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਨਸ਼ਿਆਂ ਵਿਰੁੱਧ ਯੁਵਾ-ਨਸ਼ਾ ਵਿਰੋਧੀ ਜਾਗਰੂਕਤਾ ਤਹਿਤ ਰਾਜ ਪੱਧਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸ ਦੇ ਚੱਲਦੇ ਸੈਸ਼ਨ ਡਵੀਜ਼ਨ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਦੀ ਅਗਵਾਈ ਹੇਠ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਅਨੁਰਾਧਾ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਨੇ ਬਲਾਕ ਪੱਧਰੀ ਟੀਮਾਂ ਅਤੇ ਕੋਰ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ ਜੋ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਸਕੂਲਾਂ ਵਿਚ ਵਿਸ਼ੇਸ਼ ਪ੍ਰੋਗਰਾਮ ਕਰਨਗੇ | ਜਿਸ ਦੇ ਚੱਲਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਵਲੋਂ ਅੱਜ ਜੁਡੀਸ਼ੀਅਲ ਕੰਪਲੈਕਸ ਫ਼ਿਰੋਜ਼ਪੁਰ ਕੈਂਟ ਤੋ ਇਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਜੋ ਕਿ ਫ਼ਿਰੋਜ਼ਪੁਰ ਕੈਂਟ ਤੋਂ ਸ਼ੁਰੂ ਹੋ ਕੇ ਸ਼ਹਿਰ ਅਤੇ ਛਾਉਣੀ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਹੋਏ ਸ਼ਹਿਰ ਦੇ ਐੱਚ. ਐੱਮ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਈ | ਇਸ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰ ਵੰਡਣ ਤੋਂ ਇਲਾਵਾ ਸਪੀਕਰ ਰਾਹੀਂ ਜਾਗਰੂਕਤਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਨੇ ਲੋਕਾਂ ਅਤੇ ਵਿਸ਼ੇਸ਼ ਕਰ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰੀ ਬਣਾਉਣ ਨਾਲ ਵਿਅਕਤੀ ਖ਼ੁਦ, ਪਰਿਵਾਰ ਅਤੇ ਸਮਾਜ ਨੂੰ ਨਿਘਾਰ ਤੋਂ ਬਚਾਅ ਸਕਦਾ ਹੈ | ਸੈਸ਼ਨ ਜੱਜ ਸਾਹਿਬ ਨੇ ਕਿਹਾ ਕਿ ਸਮਾਜ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਕਰਕੇ ਘਰਾਂ ਦਾ ਟੁੱਟਣਾ ਅਤੇ ਅਪਰਾਧ ਵਧ ਰਹੇ ਹਨ ਕਿਉਂਕਿ ਨਸ਼ਿਆਂ ਦੀ ਪੂਰਤੀ ਲਈ ਪੀੜਤ ਵਿਅਕਤੀ ਗ਼ਲਤ ਕੰਮਾਂ ਵਿਚ ਪੈ ਜਾਂਦਾ ਹੈ | ਸੈਸ਼ਨ ਜੱਜ ਸਾਹਿਬ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਨਸ਼ਾ ਛੁਡਾਉਣ ਵਾਸਤੇ ਲੋੜ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਨਾਲ ਦਫ਼ਤਰ ਦੇ ਫ਼ੋਨ ਅਤੇ ਟੋਲ ਮੁਕਤ ਨੰਬਰ 'ਤੇ ਸੰਪਰਕ ਕਰ ਸਕਦਾ ਹੈ |