ਮਮਦੋਟ, 8 ਦਸੰਬਰ (ਸੁਖਦੇਵ ਸਿੰਘ ਸੰਗਮ)-ਬਿਜਲੀ ਕਰਮਚਾਰੀਆਂ ਵਲੋਂ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ (ਰਜਿ.) ਦੀ ਅਗਵਾਈ ਹੇਠ ਸਬ ਡਵੀਜ਼ਨ ਮਮਦੋਟ ਵਿਖੇ ਹੱਕੀ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ | ਜਿਸ ਵਿਚ ਸੂਬਾ ਵਰਕਿੰਗ ਕਮੇਟੀ ਮੈਂਬਰ ਗੁਰਦੇਵ ਸਿੰਘ ਵੀ ਹਾਜ਼ਰ ਹੋਏ | ਇਸ ਮੌਕੇ ਸਬ ਡਵੀਜ਼ਨ ਪ੍ਰਧਾਨ ਚਰਨਜੀਤ ਸਿੰਘ ਮੈਨੀ ਨੇ ਦੱਸਿਆ ਕਿ ਪਾਵਰ ਕਾਮ ਦੀ ਮੈਨੇਜਮੈਂਟ ਵਲੋਂ ਨਵੇਂ ਭਰਤੀ ਕੀਤੇ ਗਏ ਸਹਾਇਕ ਲਾਈਨਮੈਨਾਂ ਨੂੰ ਨੇੜੇ ਦੇ ਖ਼ਾਲੀ ਸਟੇਸ਼ਨਾਂ ਵਿਚ ਲਗਾਉਣ ਦੀ ਥਾਂ ਜਾਣਬੁੱਝ ਕੇ ਦੂਰ ਦੁਰਾਡੇ ਸਟੇਸ਼ਨ ਅਲਾਟ ਕੀਤੇ ਗਏ ਹਨ, ਜਿਨ੍ਹਾਂ ਦੀਆਂ ਬਦਲੀਆਂ ਤੁਰੰਤ ਨੇੜਲੇ ਸਟੇਸ਼ਨਾਂ ਵਿਖੇ ਕੀਤਿਆਂ ਜਾਣੀਆਂ ਚਾਹੀਦੀਆਂ ਹਨ | ਇਸ ਮੌਕੇ ਡਵੀਜ਼ਨ ਖ਼ਜ਼ਾਨਚੀ ਬਲਜੀਤ ਸਿੰਘ ਨੇ ਕਿਹਾ ਕਿ ਫ਼ੀਲਡ ਵਿਚ ਕੰਮ ਕਰਦੇ ਲਾਈਨਮੈਨ ਅਤੇ ਸਹਾਇਕ ਲਾਈਨਮੈਨਾਂ ਨੂੰ ਸਰਕਾਰ ਦੁਆਰਾ 60 ਲੀਟਰ ਪ੍ਰਤੀ ਮਹੀਨਾ ਪੈਟਰੋਲ ਖਰਚਾ ਦਿੱਤਾ ਜਾਵੇ ਅਤੇ ਜੇਈ ਦੀ ਸਿੱਧੀ ਭਰਤੀ ਬੰਦ ਕਰਕੇ ਮਹਿਕਮੇ ਵਿਚ ਕੰਮ ਕਰਦੇ ਲਾਈਨਮੈਨਾਂ ਨੂੰ ਹੀ ਤਰੱਕੀ ਦੇ ਕੇ ਜੇਈ ਬਣਾਇਆ ਜਾਵੇ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਵਿੰਦਰ ਕੁਮਾਰ ਲਾਡੀ ਮੀਤ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਪਾਵਰ ਕਾਮ ਦੀਆਂ ਜਾਇਦਾਦਾਂ ਨੂੰ ਵੇਚਣਾ ਬੰਦ ਕਰਕੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਅਤੇ ਨਵੇਂ ਭਰਤੀ ਕੀਤੇ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਦਾ ਪੇਅ ਸਕੇਲ ਰੱਦ ਕਰਕੇ ਪੰਜਾਬ ਦਾ ਸਕੇਲ ਲਾਗੂ ਕੀਤਾ ਜਾਵੇ | ਇਸ ਮੌਕੇ ਸਮੂਹ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ 295/19 ਭਰਤੀ ਕੀਤੇ ਗਏ ਸਹਾਇਕ ਲਾਈਨਮੈਨ ਜੋ ਆਪਣਾ 4 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਹਨ, ਨੂੰ ਲਾਈਨਮੈਨ ਵਜੋਂ ਤਰੱਕੀ ਦਿੱਤੀ ਜਾਵੇ | ਇਸ ਮੌਕੇ ਹੋਰਨਾਂ ਜਥੇਬੰਦੀਆਂ ਨੂੰ ਛੱਡ ਕੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਿਚ ਸ਼ਾਮਲ ਹੋਏ ਬਿਜਲੀ ਮੁਲਾਜ਼ਮਾਂ ਦਾ ਆਗੂਆਂ ਦੁਆਰਾ ਸੁਆਗਤ ਕੀਤਾ ਗਿਆ ਜਿਨ੍ਹਾਂ ਵਿਚ ਸੰਜੀਵ ਕੁਮਾਰ, ਰਵਿੰਦਰ ਸਿੰਘ ਬੇਦੀ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ |