ਮਮਦੋਟ, 8 ਦਸੰਬਰ(ਰਾਜਿੰਦਰ ਸਿੰਘ ਹਾਂਡਾ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਘਰ ਮਮਦੋਟ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਇਕੱਤਰ ਕਿਸਾਨਾਂ ਅਤੇ ਹੋਰ ਖਪਤਕਾਰਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਇਸ ਬਿੱਲ ਰਾਂਹੀ ਕੇਂਦਰ ਸਰਕਾਰ ਵਲੋਂ ਘਰਾਂ, ਦੁਕਾਨਾਂ ਅਤੇ ਕਾਰਖ਼ਾਨਿਆਂ ਨੂੰ ਬਿਜਲੀ ਵੇਚਣ ਦਾ ਕਾਰੋਬਾਰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਦਿਆਂ,ਬਿਜਲੀ ਦੀਆਂ ਨਵੀਆਂ ਲਾਈਨਾਂ ਕੱਢਣ ਦੇ ਅਧਿਕਾਰ ਪ੍ਰਾਈਵੇਟ ਕੰਪਨੀਆਂ ਕੋਲ ਅਤੇ ਜ਼ਮੀਨਾਂ ਨੂੰ ਹਾਸਲ ਕਰਨ ਦੇ ਸਿੱਧੇ ਅਧਿਕਾਰ ਕੇਂਦਰ ਆਪਣੇ ਹੱਥਾਂ ਵਿਚ ਲੈਣਾ ਚਾਹੁੰਦਾ ਹੈ | ਬੁਲਾਰਿਆਂ ਨੇ ਦੱਸਿਆ ਕਿ ਬਿਜਲੀ ਪੈਦਾ ਕਰਨ, ਬਿਜਲੀ ਵੇਚਣ, ਕੰਪਨੀ ਦਾ ਖ਼ਰਚ, ਮੁਨਾਫ਼ਾ, ਬਿਜਲੀ ਦੇ ਸਾਜੋ ਸਮਾਨ ਦੀ ਘਸਾਈ ਅਤੇ ਭਵਿੱਖ ਵਿਚ ਸਮਰੱਥਾ ਵਧਾਉਣ ਦੇ ਨਾਮ 'ਤੇ ਹੋਰ ਫ਼ਜ਼ੂਲ ਖ਼ਰਚੇ ਬਿਜਲੀ ਬਿੱਲਾਂ ਵਿਚ ਸ਼ਾਮਿਲ ਕੀਤੇ ਜਾਣਗੇ | ਇਸ ਤੋਂ ਇਲਾਵਾ ਬਿਜਲੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਖ਼ਤਮ ਕਰਨ ਲਈ ਪਹਿਲਾਂ ਖਪਤਕਾਰਾਂ ਕੋਲ ਪੂਰਾ ਬਿੱਲ ਵਸੂਲ ਕੇ ਸਬਸਿਡੀ ਦੀ ਰਕਮ ਉਹਨਾਂ ਦੇ ਖਾਤਿਆਂ ਵਿਚ ਪਾਉਣ ਦਾ ਲਾਲਚ ਦਿੱਤਾ ਜਾਵੇਗਾ ਅਤੇ ਗੈੱਸ ਸਿਲੰਡਰ ਦੀ ਸਬਸਿਡੀ ਤਰ੍ਹਾਂ ਹੌਲੀ-ਹੌਲੀ ਸਬਸਿਡੀ ਖ਼ਤਮ ਕਰ ਦਿੱਤੀ ਜਾਵੇਗੀ | ਬੁਲਾਰਿਆਂ ਨੇ ਲੋਕਾਂ ਨੂੰ ਚੇਤੰਨ ਕੀਤਾ ਕਿ ਬਿਜਲੀ ਸੋਧ ਬਿਲ 2025 ਪ੍ਰਾਈਵੇਟ ਕੰਪਨੀਆਂ ਨੂੰ ਖਪਤਕਾਰਾਂ ਦੀ ਪੂਰੀ ਲੁੱਟ ਅਤੇ ਸ਼ੋਸ਼ਣ ਕਰਨ ਦੀ ਖੁੱਲ ਦਿੰਦਾ ਹੈ | ਇਸ ਲਈ ਇਸ ਦਾ ਡਟਵਾਂ ਵਿਰੋਧ ਕਰਨ ਲਈ ਸਾਰੇ ਖਪਤਕਾਰਾਂ ਨੂੰ ਇੱਕਜੁੱਟ ਹੋ ਕੇ ਲੜਾਈ ਵਿੱਢਣ ਦੀ ਅਪੀਲ ਕੀਤੀ ਗਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ,ਗੁਰਮੀਤ ਸਿੰਘ ਪੋਜੋ ਕੇ, ਜਸਬੀਰ ਸਿੰਘ ਸੰਧੂ, ਰੇਸ਼ਮ ਸਿੰਘ ਹਜਾਰਾ, ਹਰਬੰਸ ਸਿੰਘ ਜੋਧਪੁਰ, ਬਲਕਾਰ ਸਿੰਘ ਜੋਧਪੁਰ, ਮੇਜਰ ਸਿੰਘ ਰੰਧਾਵਾ, ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਮਮਦੋਟ, ਦਰਸ਼ਨ ਸਿੰਘ ਕੜਮਾ, ਲਖਬੀਰ ਸਿੰਘ ਬਰਾੜ, ਜਸਪਾਲ ਸਿੰਘ ਉੱਪਲ, ਜਤਿੰਦਰ ਸਿੰਘ ਕੜਮਾ, ਅੰਗਰੇਜ਼ ਸਿੰਘ, ਪੰਜਾਬ ਸਿੰਘ, ਗੁਰਭੇਜ ਸਿੰਘ ਟਿੱਬੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |