ਮੱਲਾਂਵਾਲਾ, 23 ਦਸੰਬਰ (ਬਲਬੀਰ ਸਿੰਘ ਜੋਸਨ)-ਡਿਸਕਵਰੀ ਵਰਲਡ ਕਾਨਵੈਂਟ ਸਕੂਲ ਮੱਲਾਂਵਾਲਾ ਵਿਚ ਪੀ.ਟੀ.ਐਮ. ਦੇ ਮੌਕੇ 'ਤੇ ਸਕੂਲ ਦੇ ਮੈਨੇਜਮੈਂਟ ਮੈਂਬਰਾਂ, ਪਿ੍ੰਸੀਪਲ ਅਤੇ ਸਮੂਹ ਸਕੂਲ ਸਟਾਫ਼ ਵਲੋਂ ਬੱਚਿਆਂ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਦੀ ਲਾਸਾਨੀ ਕੁਰਬਾਨੀ ਬਾਰੇ Tਨਿੱਕੀਆਂ ਜਿੰਦਾ ਵੱਡੇ ਸਾਕੇU ਸੰਬੰਧੀ ਕਿਤਾਬਾਂ ਦੀ ਸੇਵਾ ਕੀਤੀ ਗਈ | ਇਹ ਉਪਰਾਲਾ ਸਕੂਲ ਮੈਨੇਜਮੈਂਟ ਵਲੋਂ ਬੱਚਿਆਂ ਨੂੰ ਆਪਣੇ ਧਾਰਮਿਕ ਅਤੇ ਇਤਿਹਾਸਕ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਗਿਆ | ਇਸ ਮੌਕੇ ਸਕੂਲ ਚੇਅਰਮੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਦੀ ਸੋਚ ਹੈ ਕਿ ਬੱਚੇ ਕਦੇ ਵੀ ਆਪਣੇ ਇਤਿਹਾਸ ਨਾਲੋਂ ਨਾ ਟੁੱਟਣ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਸੱਚ, ਹਿੰਮਤ ਅਤੇ ਕੁਰਬਾਨੀ ਦੇ ਮੂਲ ਨੂੰ ਆਪਣੇ ਜੀਵਨ ਵਿਚ ਅਪਣਾਉਣ | ਸਕੂਲ ਪ੍ਰਬੰਧਕਾ ਦਾ ਮੰਨਣਾ ਹੈ ਕਿ ਅਜਿਹੇ ਉਪਰਾਲੇ ਬੱਚਿਆਂ ਵਿਚ ਸਿੱਖ ਇਤਿਹਾਸ ਪ੍ਰਤੀ ਸਨਮਾਨ ਅਤੇ ਚੇਤਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸਕੂਲ ਵਲੋਂ ਇਕ ਇਤਿਹਾਸਿਕ ਪ੍ਰਦਰਸ਼ਨੀ ਵੀ ਲਗਾਈ ਗਈ | ਜਿਸ ਵਿਚ ਅਧਿਆਪਕਾਂ ਵਲੋਂ ਬੱਚਿਆਂ ਨੂੰ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਬਾਰੇ ਇਤਿਹਾਸਿਕ ਜਾਣਕਾਰੀ ਵੀ ਦਿੱਤੀ ਗਈ |