ਜ਼ੀਰਾ, 23 ਦਸੰਬਰ (ਰਜਨੀਸ਼ ਕਥੂਰੀਆ)-ਟਰੈਫ਼ਿਕ ਨਿਯਮਾਂ ਦੇ ਮਾਮਲੇ ਵਿਚ ਜ਼ੀਰਾ ਸ਼ਹਿਰ ਵਿਚ ਹਰੇਕ ਵਿਅਕਤੀ ਵਲੋਂ ਅਪਣਾਏ ਆਪਣੇ ਨਿਯਮ ਹੋਣ ਕਰਕੇ ਟਰੈਫ਼ਿਕ ਨਿਯਮਾਂ ਦਾ ਜਨਾਜ਼ਾ ਨਿਕਲ ਚੁੱਕਾ ਹੈ | ਅਜਿਹਾ ਹੋਣ ਕਰਕੇ ਸ਼ਹਿਰ ਦਾ ਮੁੱਖ ਬਾਜ਼ਾਰ ਰੇਲਵੇ ਰੋਡ ਜ਼ੀਰਾ ਅਤੇ ਪੁਰਾਣੀ ਤਲਵੰਡੀ ਰੋਡ ਜ਼ੀਰਾ ਤੇ ਅਕਸਰ ਹੀ ਦਿਨ ਵਿਚ ਕਈ-ਕਈ ਵਾਰ ਟਰੈਫ਼ਿਕ ਜਾਮ ਹੋਇਆ ਵੇਖਿਆ ਜਾ ਸਕਦਾ ਹੈ | ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਵਾਉਣ ਵਿਚ ਨਗਰ ਕੌਂਸਲ ਜ਼ੀਰਾ ਅਤੇ ਟਰੈਫ਼ਿਕ ਪੁਲਿਸ ਜ਼ੀਰਾ ਬੇਵੱਸ ਨਜ਼ਰ ਆ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦਾ ਮੁੱਖ ਬਾਜ਼ਾਰ ਹੋਣ ਕਰਕੇ ਰੇਲਵੇ ਰੋਡ ਜ਼ੀਰਾ ਅਤੇ ਨਗਰ ਕੌਂਸਲ ਜ਼ੀਰਾ ਵਲੋਂ ਸੜਕ ਤੇ ਬਣਾਈ ਗਈ ਸਫ਼ੇਦ ਪੱਟੀ ਤੱਕ ਤਾਂ ਪਹਿਲਾਂ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਰੱਖਿਆ ਹੁੰਦਾ ਹੈ ਜਾਂ ਉਨ੍ਹਾਂ ਵਲੋਂ ਕਿਰਾਇਆ ਲੈ ਕੇ ਆਪਣੀਆਂ ਦੁਕਾਨਾਂ ਅੱਗੇ ਸਬਜ਼ੀ ਅਤੇ ਫਲਾਂ ਦੀਆਂ ਫੜੀਆਂ ਜਾਂ ਰੇੜੀਆਂ ਲਗਵਾਈਆਂ ਜਾਂਦੀਆਂ ਹਨ ਜਿਸ ਕਰਕੇ ਟਰੈਫ਼ਿਕ ਵਿਚ ਕਾਫ਼ੀ ਵਿਘਨ ਪੈਂਦਾ ਹੈ | ਇਸ ਤੋਂ ਬਾਅਦ ਬਾਜ਼ਾਰ ਵਿਚ ਪਿੰਡਾਂ ਤੋਂ ਖ਼ਰੀਦਦਾਰੀ ਕਰਨ ਲਈ ਆਏ ਲੋਕਾਂ ਵਲੋਂ ਆਪਣੀਆਂ ਗੱਡੀਆਂ, ਜੀਪਾਂ ਅਤੇ ਹੋਰ ਵਾਹਨ ਟੇਢੇ ਮੇਢੇ-ਢੰਗ ਨਾਲ ਪਾਰਕ ਕਰਕੇ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਇਹ ਵਾਹਨ ਲੰਮਾ ਸਮਾਂ ਲਾਵਾਰਸ ਹਾਲਤ ਵਿਚ ਸੜਕਾਂ 'ਤੇ ਲੰਬਾ ਸਮਾਂ ਖੜੇ ਰਹਿੰਦੇ ਹਨ ਜਿਸ ਕਰਕੇ ਅਕਸਰ ਹੀ ਟਰੈਫ਼ਿਕ ਜਾਮ ਹੋ ਜਾਂਦਾ ਹੈ ਇਸ ਨੂੰ ਸੁਚਾਰੂ ਢੰਗ ਨਾਲ ਚਲਵਾਉਣ ਲਈ ਟਰੈਫ਼ਿਕ ਪੁਲਿਸ ਨੂੰ ਕਈ ਵਾਰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਨਗਰ ਕੌਂਸਲ ਜ਼ੀਰਾ ਵਲੋਂ ਟਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਕਦੇ-ਕਦੇ ਰੇਲਵੇ ਰੋਡ ਤੇ ਟਰੈਫ਼ਿਕ ਅਤੇ ਨਗਰ ਕੌਂਸਲ ਵਲੋਂ ਨਿਰਧਾਰਿਤ ਨਿਯਮਾਂ ਦੀ ਪਾਲਨਾ ਕਰਵਾਉਣ ਲਈ ਮੁਹਿੰਮ ਚਲਾਈ ਜਾਂਦੀ ਹੈ | ਜਿਸ ਦੇ ਤਹਿਤ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਵਧਾ ਕੇ ਰੱਖਿਆ ਸਮਾਨ ਚੁੱਕ ਲਿਆ ਜਾਂਦਾ ਹੈ ਪਰ ਲੋੜ ਮੁਤਾਬਿਕ ਸਖ਼ਤੀ ਕਰਕੇ ਕਸੂਰਵਾਰਾਂ ਦੇ ਚਲਾਨ ਨਾ ਕੱਟੇ ਜਾਣ ਕਰਕੇ ਕੁੱਝ ਦਿਨਾਂ ਬਾਅਦ ਫਿਰ ਪਰਨਾਲਾ ਉੱਥੇ ਦਾ ਉੱਥੇ ਆ ਜਾਂਦਾ ਹੈ | ਕਈ ਵਾਰ ਤਾਂ ਕਿਸੇ ਦੁਰਘਟਨਾ ਦਾ ਸ਼ਿਕਾਰ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਐਂਬੂਲੈਂਸ ਨੂੰ ਸ਼ਹਿਰ ਦੇ ਰੇਲਵੇ ਰੋਡ ਨੂੰ ਕਰਾਸ ਕਰਨ ਲਈ ਵੀ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਕਰਕੇ ਮਰੀਜ਼ਾਂ ਦੀ ਜਾਨ ਖ਼ਤਰੇ ਵਿਚ ਪੈ ਜਾਂਦੀ ਹੈ | ਸ਼ਹਿਰ ਨਿਵਾਸੀਆਂ ਦੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਤੋਂ ਮੰਗ ਹੈ ਕਿ ਪੁਰਾਣੀ ਕਚਹਿਰੀ ਵਾਲੀ ਜਾਂ ਐੱਸ.ਡੀ.ਐਮ.ਜ਼ੀਰਾ ਦੀ ਕੋਟ ਈਸੇ ਖਾਂ ਰੋਡ ਜ਼ੀਰਾ 'ਤੇ ਪਈ ਪੁਰਾਣੀ ਰਿਹਾਇਸ਼ ਵਾਲੀ ਖਾਲੀ ਜਗ੍ਹਾ ਵਿਚ ਆਰਜ਼ੀ ਪਾਰਕਿੰਗ ਬਣਾ ਕੇ ਉੱਥੇ ਗੱਡੀਆਂ ਪਾਰਕਿੰਗ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਰੇਲਵੇ ਰੋਡ ਜ਼ੀਰਾ ਅਤੇ ਦੁਕਾਨਦਾਰਾਂ ਵਲੋਂ ਕੀਤੀ ਜਾ ਰਹੀ ਨਿਯਮਾਂ ਦੀ ਉਲੰਘਣਾ ਅਤੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਿਚੋਂ ਪਾਰਕਿੰਗ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਸਬੰਧ ਵਿਚ ਜਦੋਂ ਨਗਰ ਕੌਂਸਲ ਜ਼ੀਰਾ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਬਾਹਰ ਹਾਂ ਅਤੇ ਸਵੇਰੇ ਆ ਕੇ ਇਸ ਸਮੱਸਿਆ ਦਾ ਹੱਲ ਕੱਢਦੇ ਹਾਂ |