ਮਮਦੋਟ, 29 ਦਸੰਬਰ (ਸੁਖਦੇਵ ਸਿੰਘ ਸੰਗਮ)-ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਕੀਤੇ ਗਏ ਬਦਲਾਅ ਦੇ ਵਿਰੁੱਧ ਅਤੇ ਮਨਰੇਗਾ ਯੋਜਨਾਂ ਨੂੰ ਬਚਾਉਣ ਲਈ ਕਾਂਗਰਸ ਹਾਈਕਮਾਂਡ ਦੇ ਆਦੇਸ਼ਾਂ 'ਤੇ 5 ਜਨਵਰੀ ਨੂੰ ਵੱਡਾ ਸੰਘਰਸ਼ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਉਪ-ਚੇਅਰਮੈਨ ਗੁਰਭੇਜ ਸਿੰਘ ਖਾਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਗ਼ਰੀਬ ਲੋਕਾਂ ਦੇ ਗੁਜ਼ਾਰੇ ਦਾ ਸਾਧਨ ਮਨਰੇਗਾ ਵਿਚ ਫੇਰ ਬਦਲ ਕਰਕੇ ਉਨ੍ਹਾਂ ਦੀ ਆਸ ਨੂੰ ਇੱਕਤਰਫ਼ਾ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਯੂਥ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਵਾਂਗ ਇਹ ਫ਼ੈਸਲਾ ਵੀ ਬਿਨਾਂ ਕਿਸੇ ਸਲਾਹ ਮਸ਼ਵਰੇ ਤੋਂ ਲਿਆ ਗਿਆ ਹੈ ਜੋ ਦੇਸ਼ ਦੇ ਹਿਤ ਵਿਚ ਨਹੀਂ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਇਸ ਯੋਜਨਾਂ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਦਿਹਾੜੀ ਦੀ ਰਕਮ ਕੇਂਦਰ ਸਰਕਾਰ ਵਲੋਂ ਦਿੱਤੀ ਜਾਂਦੀ ਸੀ ਅਤੇ ਇਸ ਯੋਜਨਾਂ ਰਾਹੀ ਹੋਣ ਵਾਲੇ ਕੰਮ ਲਈ 75 ਪ੍ਰਤੀਸ਼ਤ ਪੈਸਾ ਭਾਰਤ ਅਤੇ 25 ਪ੍ਰਤੀਸ਼ਤ ਪੈਸਾ ਰਾਜਾਂ ਵਲੋਂ ਦਿੱਤਾ ਜਾਂਦਾ ਸੀ, ਜਦ ਕਿ ਬਦਲੀ ਗਈ ਯੋਜਨਾਂ (ਜੀ ਰਾਮ ਜੀ) ਤਹਿਤ 60-40 ਦਾ ਅਨੁਪਾਤ ਰੱਖਿਆ ਗਿਆ ਜਿਸ ਨਾਲ ਪਹਿਲਾਂ ਤੋਂ ਹੀ ਵਿੱਤੀ ਸੰਕਟ ਵਿਚੋਂ ਗੁਜ਼ਰ ਰਹੇ ਸੂਬਿਆਂ ਉੱਪਰ ਹੋਰ ਆਰਥਿਕ ਬੋਝ ਪਵੇਗਾ | ਉਪ ਪ੍ਰਧਾਨ ਗੁਰਭੇਜ ਸਿੰਘ ਖਾਰਾ ਨੇ ਕਿਹਾ ਕਿ ਮਨਰੇਗਾ ਸਿਰਫ਼ ਇਕ ਰੁਜ਼ਗਾਰ ਯੋਜਨਾਂ ਹੀ ਨਹੀਂ ਸਗੋਂ ਪੇਂਡੂ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਅਤੇ ਗ਼ਰੀਬ ਮਾਰੂ ਫੈਸਲੇ ਦੇ ਵਿਰੁੱਧ ਸੰਸਦ ਤੱਕ ਕਾਂਗਰਸ ਪਾਰਟੀ ਦੁਆਰਾ ਸੰਘਰਸ਼ ਕੀਤਾ ਜਾਵੇਗਾ |