ਫ਼ਿਰੋਜ਼ਪੁਰ, 30 ਦਸੰਬਰ (ਰਾਕੇਸ਼ ਚਾਵਲਾ)-ਰੇਲਵੇ ਬੋਰਡ ਵਲੋਂ ਰੇਲ ਯਾਤਰੀਆਂ ਨੂੰ ਡਿਜ਼ਿਟਲ ਮਾਧਿਅਮਾਂ ਰਾਹੀਂ ਟਿਕਟ ਬੁਕਿੰਗ ਲਈ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ | ਜੇਕਰ ਰੇਲ ਯਾਤਰੀ ਰੇਲਵਨ ਐਪ ਰਾਹੀਂ ਅਨਾਰੱਖਿਅਤ ਟਿਕਟ ਦੀ ਬੁਕਿੰਗ ਕਰਦਾ ਹੈ, ਤਾਂ ਉਸ ਨੰੂ 3 ਪ੍ਰਤੀਸ਼ਤ ਬੋਨਸ/ਛੂਟ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ | ਵਰਤਮਾਨ ਵਿਚ ਰੇਲਵਨ ਐਪ 'ਤੇ ਆਰ-ਵਾਲੇਟ ਰਾਹੀਂ ਅਨਾਰੱਖਿਅਤ ਟਿਕਟ ਬੁਕਿੰਗ ਕਰਨ 'ਤੇ 3 ਪ੍ਰਤੀਸ਼ਤ ਕੈਸ਼ ਬੈਕ ਦੀ ਸੁਵਿਧਾ ਉਪਲਬਧ ਹੈ | ਹੁਣ ਰੇਲਵਨ ਐਪ 'ਤੇ ਆਰ-ਵਾਲੇਟ ਤੋਂ ਇਲਾਵਾ ਹੋਰ ਸਾਰੇ ਡਿਜ਼ਿਟਲ ਭੁਗਤਾਨ ਮਾਧਿਅਮਾਂ ਰਾਹੀਂ ਅਨਾਰੱਖਿਅਤ ਟਿਕਟ ਬੁੱਕ ਕਰਨ 'ਤੇ ਵੀ 3 ਪ੍ਰਤੀਸ਼ਤ ਬੋਨਸ/ਛੂਟ ਦੀ ਸੁਵਿਧਾ ਦਿੱਤੀ ਜਾਵੇਗੀ | ਇਹ ਸੁਵਿਧਾ 14 ਜਨਵਰੀ 2026 ਤੋਂ 14 ਜੁਲਾਈ 2026 ਤੱਕ ਲਾਗੂ ਰਹੇਗੀ | ਇਸ ਅਵਧੀ ਦੌਰਾਨ ਯਾਤਰੀਆਂ ਤੋਂ ਪ੍ਰਾਪਤ ਫੀਡ ਬੈਕ ਦੇ ਆਧਾਰ 'ਤੇ ਅੱਗੇ ਸਮੀਖਿਆ ਕੀਤੀ ਜਾਵੇਗੀ | ਸੀਨੀਅਰ ਡੀ.ਸੀ.ਐੱਮ ਪਰਮਦੀਪ ਸਿੰਘ ਸੈਣੀ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ ਡਿਜੀਟਲ ਮਾਧਿਅਮਾਂ ਰਾਹੀਂ ਭੁਗਤਾਨ ਕਰਨ | ਰੇਲਵਨ ਐਪ ਰਾਹੀਂ ਅਨਾਰੱਖਿਅਤ ਟਿਕਟ ਬੁਕਿੰਗ ਕਰਨ ਨਾਲ ਯਾਤਰੀਆਂ ਨੂੰ ਸਮਾਂ ਅਤੇ ਧਨ ਦੀ ਬੱਚਤ ਦੇ ਨਾਲ-ਨਾਲ ਸੁਵਿਧਾਜਨਕ ਅਤੇ ਪਾਰਦਰਸ਼ੀ ਟਿਕਟ ਬੁਕਿੰਗ ਦੀ ਸੁਵਿਧਾ ਮਿਲੇਗੀ |