ਜ਼ੀਰਾ, 30 ਦਸੰਬਰ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਵਾਰਡ ਨੰਬਰ 16 ਦੇ ਐਮ.ਸੀ ਗੁਰਭਗਤ ਸਿੰਘ ਗਿੱਲ ਨੇ ਨਗਰ ਕੌਂਸਲ ਜ਼ੀਰਾ ਦੀ ਵਾਰਡਬੰਦੀ 'ਤੇ ਇਤਰਾਜ਼ ਉਠਾਉਂਦੇ ਹੋਏ ਕਿਹਾ ਕਿ 2011 ਵਿਚ ਨਗਰ ਕੌਂਸਲ ਜ਼ੀਰਾ ਦੀ ਕੁੱਲ ਆਬਾਦੀ ਸੈਂਸਜ਼ ਗਿਣਤੀ ਅਨੁਸਾਰ 37498 ਸੀ | ਸਾਲ 2015 ਵਿਚ ਪਿੰਡ ਗਾਦੜੀ ਵਾਲੇ ਦਾ ਕਲਗ਼ੀਧਰ ਨਗਰ ਏਰੀਆ ਨਗਰ ਕੌਂਸਲ ਜ਼ੀਰਾ ਹੱਦ 'ਚ ਸ਼ਾਹਮਰ ਕਰ ਲਿਆ ਗਿਆ ਅਤੇ ਸ਼ਹਿਰ ਦੀ ਆਬਾਦੀ 40000 ਦੇ ਕਰੀਬ ਪਹੁੰਚ ਗਈ ਸੀ, ਪਰ ਨਗਰ ਕੌਂਸਲ ਵਲੋਂ 2025 ਵਿਚ ਜੋ ਨਵੀਂ ਵਾਰਡਬੰਦੀ ਕੀਤੀ ਗਈ ਹੈ | ਇਸ ਵਿਚ ਮੌਜੂਦਾ ਆਬਾਦੀ ਵਧਣ ਦੀ ਥਾਂ ਸੱਤਾ ਧਿਰ ਦੇ ਦਬਾਅ ਹੇਠ ਘੱਟਾ ਕੇ 34000 ਦੇ ਕਰੀਬ ਦਰਸਾ ਦਿੱਤੀ ਗਈ ਗਈ ਹੈ | ਜਦ ਕਿ ਨਗਰ ਕੌਂਸਲ ਦੇ ਅੰਕੜਿਆਂ ਅਨੁਸਾਰ ਹਰ ਸਾਲ ਚਾਰ ਪੰਜ ਫ਼ੀਸਦੀ ਆਬਾਦੀ ਵਿਚ ਇਜ਼ਾਫਾ ਹੁੰਦਾ ਹੈ | ਉਹਨਾਂ ਮੰਗ ਕੀਤੀ ਕਿ ਜੇਕਰ ਪਾਰਦਰਸ਼ੀ ਢੰਗ ਨਾਲ ਸ਼ਹਿਰ ਦੀ ਆਬਾਦੀ ਦਾ ਸਰਵੇ ਕਰਵਾਇਆ ਜਾਵੇ ਤਾਂ ਇਹ ਆਬਾਦੀ 45000 ਤੋਂ ਵੀ ਵੱਧ ਆਵੇਗੀ | ਉਨ੍ਹਾਂ ਕਿਹਾ ਕਿ ਵਾਰਡਬੰਦੀ ਇਕਸਾਰਤਾ ਅਨੁਸਾਰ ਨਹੀਂ ਕੀਤੀ ਗਈ, ਨਾ ਹੀ ਵਾਰਡਬੰਦੀ ਵਿਚ ਨਗਰ ਕੌਂਸਲ ਦੇ ਮੌਜੂਦਾ ਕੌਂਸਲਰ ਜੋ ਵਾਰਡਬੰਦੀ ਦੀ ਜਾਣਕਾਰੀ ਰੱਖਦਾ ਹੋਵੇ | ਉਸ ਨੂੰ ਮੈਂਬਰ ਨਾਮਜ਼ਦ ਨਹੀਂ ਕੀਤਾ ਗਿਆ | ਉਹਨਾਂ ਦੋਸ਼ ਲਗਾਇਆ ਕਿ ਸੱਤਾ ਧਿਰ ਐਮ.ਐਲ.ਏ ਦੀ ਸ਼ਹਿ 'ਤੇ ਆਮ ਆਦਮੀ ਪਾਰਟੀ ਵਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ | ਜਿਸ ਨਾਲ ਆਮ ਸ਼ਹਿਰੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਜਿਸ ਨਾਗਰਿਕ ਦਾ ਰਿਹਾਇਸ਼ੀ ਐਡਰੈੱਸ ਨਾਲ ਆਧਾਰ ਕਾਰਡ ਜਾਂ ਹੋਰ ਪਰੂਫ਼ ਬਣੇ ਹੋਣਗੇ ਉਹਨਾਂ ਨੂੰ ਆਪਣੇ ਪਛਾਣ ਪੱਤਰ ਦੁਬਾਰਾ ਸਹੀ ਕਰਵਾਉਣੇ ਪੈਣਗੇੇ |