ਤਲਵੰਡੀ ਸਾਬੋ, 3 ਜੂਨ (ਰਣਜੀਤ ਸਿੰਘ ਰਾਜੂ)-ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਹੁਣ ਗੋਡੇ ਬਦਲਣ ਦੇ ਆਪੇ੍ਰਸ਼ਨ ਸਫਲਤਾ ਪੂਰਵਕ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਨਾਲ ਵੱਡੀ ਗਿਣਤੀ ਆਮ ਲੋਕਾਂ ਨੂੰ ਫ਼ਾਇਦਾ ਮਿਲ ਸਕੇਗਾ |ਹਸਪਤਾਲ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ 'ਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਉਪਰਾਲੇ ਸਦਕਾ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਕਾਂਤ ਵਲੋਂ ਕੀਤੇ ਜਾ ਰਹੇ ਨਿਰੰਤਰ ਉਪਰਾਲਿਆਂ ਸਦਕਾ ਤਲਵੰਡੀ ਸਾਬੋ ਵਿਖੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾਕਟਰ ਅਨਿਲ ਗਰਗ (ਐੱਮ.ਐੱਸ.ਆਰਥੋ) ਵਲੋਂ ਗੋਡੇ ਬਦਲਣ ਦੇ ਅਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ | ਇਸੇ ਤਹਿਤ ਡਾ.ਅਨਿਲ ਗਰਗ ਵਲੋਂ ਮਿਤੀ 2 ਜੂਨ ਨੂੰ ਸਫਲਤਾਪੂਰਵਕ ਗੋਡਾ ਬਦਲਿਆ ਗਿਆ ਹੈ | ਉਨ੍ਹਾਂ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਅਯੂਸ਼ਮਾਨ ਭਾਰਤ ਸਕੀਮ ਅਧੀਨ ਬਿਨਾ ਖਰਚਾ ਗੋਡੇ ਬਦਲਣ ਦੇ ਆਪ੍ਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ | ਉਨ੍ਹਾਂ ਮੁਤਾਬਿਕ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਕਾਂਤ ਦੇ ਪੂਰਨ ਸਹਿਯੋਗ ਸਦਕਾ ਆਪੇ੍ਰਸ਼ਨ ਲਈ ਲੋੜੀਂਦੇ ਬੰਦੋਬਸਤ ਕੀਤੇ ਗਏ ਤਾਂ ਜੋ ਲੋਕਾਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਕਾਂਤ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਸਿਹਤ ਸਹੂਲਤਾਂ ਦਾ ਮਿਆਰ ਉੱਚਾ ਚੁੱਕਣ ਵਾਸਤੇ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਲਗਭਗ 380 ਕਿਸਮ ਦੀਆਂ ਦਵਾਈਆਂ ਸਿਵਲ ਹਸਪਤਾਲ ਵਿਖੇ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਹਸਪਤਾਲ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹੈ ਅਤੇ ਵੱਧ ਵੱਧ ਤੋਂ ਐਮਰਜੈਂਸੀ ਮੈਡੀਕਲ ਅਫ਼ਸਰ ਅਤੇ ਮਾਹਿਰ ਡਾਕਟਰਾਂ ਦੀ ਤੈਨਾਤੀ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ ਤਾਂਕਿ ਲੋੜ ਪੈਣ 'ਤੇ ਆਮ ਲੋਕਾਂ ਨੂੰ ਇੱਥੇ ਹੀ ਮੈਡੀਕਲ ਸੇਵਾਵਾਂ ਮਿਲ ਸਕਣ ਅਤੇ ਉਨ੍ਹਾਂ ਨੂੰ ਵੱਡੇ ਸ਼ਹਿਰਾਂ ਵੱਲ ਭੱਜਣ ਦੀ ਲੋੜ ਨਾ ਪਵੇ |