19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੇਂਦਰ ਸਰਕਾਰ ਵਲੋਂ ਵਸਤੂਆਂ ਸੇਵਾ ਕਰ (ਜੀ.ਐਸ.ਟੀ.) ਘਟਾਉਣ ਨਾਲ ਆਮ ਵਰਗ ਨੂੰ ਮਿਲੀ ਵੱਡੀ ਰਾਹਤ

Ad Position 21
No active advertisement
ਅਜੀਤ ਡੈਸਕ 24-09-2025
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੇਂਦਰ ਸਰਕਾਰ ਵਲੋਂ ਬੀਤੇ ਦਿਨੀਂ ਵਸਤੂਆਂ ਸੇਵਾ ਕਰ (ਜੀ.ਐੱਸ.ਟੀ.) 'ਚ ਕੀਤੀ ਗਈ ਵੱਡੀ ਕਟੌਤੀ ਬਾਅਦ ਨਵੀਆਂ ਦਰਾਂ ਨੂੰ 22 ਸਤੰਬਰ ਨੂੰ ਲਾਗੂ ਕਰ ਦਿੱਤਾ ਗਿਆ ਹੈ, ਜਿਸ ਮਗਰੋਂ ਆਮ ਲੋਕਾਂ ਨੂੰ ਆਰਥਿਕ ਪੱਖੋਂ ਵੱਡੀ ਰਾਹਤ ਮਿਲੀ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ ਫ਼ੈਸਲੇ ਦਾ ਵੱਖ-ਵੱਖ ਵਰਗਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਲੋਕਹਿੱਤ 'ਚ ਕੇਂਦਰ ਸਰਕਾਰ ਵਲੋਂ ਲਿਆ ਗਿਆ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ ਜਾ ਰਿਹਾ ਹੈ | ਇਸ ਸੰਬੰਧੀ 'ਅਜੀਤ' ਵਲੋਂ ਵੱਖ-ਵੱਖ ਵਰਗਾਂ ਦੇ ਵਿਚਾਰ ਜਾਣੇ ਗਏ ਜੋ ਹੇਠ ਲਿਖੇ ਅਨੁਸਾਰ ਹਨ |
ਕਾਸਮੈਟਿਕ ਵਸਤੂਆਂ 'ਤੇ ਮਿਲੀ ਵੱਡੀ ਰਾਹਤ- ਆਸ਼ੂਤੋਸ਼ ਚੰਦਰ
ਬਠਿੰਡਾ 'ਚ ਕਾਸਮੈਟਿਕ ਵਸਤੂਆਂ ਦੇ ਡਿਸਟ੍ਰੀਬਿਊਟਰ ਆਸ਼ੂਤੋਸ਼ ਚੰਦਰ ਨੇ ਕਿਹਾ ਕਿ ਪਹਿਲਾਂ ਕਾਸਮੈਟਿਕ ਵਸਤੂਆਂ ਉੱਪਰ 18 ਫ਼ੀਸਦੀ ਜੀ.ਐੱਸ.ਟੀ. ਲੱਗਦੀ ਸੀ, ਪਰ ਹੁਣ ਕਟੌਤੀ ਬਾਅਦ ਸਿਰਫ਼ 5 ਫ਼ੀਸਦੀ ਰਹਿ ਗਈ ਹੈ, ਜਿਸ ਨਾਲ ਸਾਬਣ, ਸੈਂਪੂ, ਪੇਸਟ, ਤੇਲ, ਪਾਊਡਰ ਆਦਿ ਚੀਜ਼ਾਂ ਸਸਤੀਆਂ ਹੋਣ ਨਾਲ ਲੋਕਾਂ ਨੂੰ ਆਰਥਿਕ ਤੌਰ 'ਤੇ ਵੱਡੀ ਰਾਹਤ ਮਿਲੇਗੀ | ਇਸ ਤੋਂ ਇਲਾਵਾ ਦੁੱਧ, ਦਹੀਂ, ਲੱਸੀ, ਮੱਖਣ ਸਮੇਤ ਰੋਜ਼ਾਨਾ ਵਰਤੋਂ ਚੀਜ਼ਾਂ ਸਸਤੀਆਂ ਹੋਣ ਕਰਕੇ ਆਮ ਵਿਅਕਤੀ ਦਾ ਹਰ ਮਹੀਨੇ ਦਾ ਕਰੀਬ 4 ਤੋਂ 5 ਹਜ਼ਾਰ ਰੁਪਏ ਦਾ ਖ਼ਰਚ ਘਟੇਗਾ, ਜਿਸ ਨਾਲ ਲੋਕ ਆਪਣੇ ਸੁਰੱਖਿਅਤ ਭਵਿੱਖ ਲਈ ਪੈਸੇ ਦੀ ਬੱਚਤ ਕਰ ਸਕਣਗੇ | ਇਸ ਤੋਂ ਇਲਾਵਾ ਟੈਲੀਵਿਜ਼ਨ, ਐਲ.ਈ.ਡੀ. ਫਰਿੱਜ, ਕਾਰਾਂ, ਸਕੂਟਰ ਉੱਪਰ ਜੀ.ਐੱਸ.ਟੀ. ਘਟਾਉਣ ਨਾਲ ਇਹ ਵਸਤਾਂ ਆਮ ਲੋਕਾਂ ਦੀ ਪਹੁੰਚ ਵਿਚ ਆ ਗਈਆਂ ਹਨ | ਆਸ਼ੂਤੋਸ਼ ਨੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਫੀ ਫ਼ਾਇਦਾ ਹੋਵੇਗਾ, ਪਰ ਆਨਲਾਈਨ ਖ਼ਰੀਦਦਾਰੀ ਉਨ੍ਹਾਂ ਦੇ ਕਾਰੋਬਾਰ 'ਤੇ ਵੱਡੀ ਸੱਟ ਮਾਰ ਰਹੀ ਹੈ, ਜਿਸ ਨੂੰ ਨਕੇਲ ਕੱਸਣ ਦੀ ਲੋੜ ਹੈ |
ਸਿਹਤ ਬੀਮਾ ਯੋਜਨਾਵਾਂ ਹੋਈਆਂ ਜੀ.ਐੱਸ.ਟੀ. ਮੁਕਤ- ਸਤਕਰਤਾਰ ਸਿੰਘ
ਟੈਗੋਰ ਇੰਸ਼ੋਰੈਂਸ ਸਰਵਿਸ ਦੇ ਐਮ.ਡੀ. ਸਤਕਰਤਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀ.ਐੱਸ.ਟੀ. ਦਰਾਂ 'ਚ ਕਟੌਤੀ ਕਰਨ ਨਾਲ ਸਿਹਤ ਬੀਮਾ ਯੋਜਨਾਵਾਂ ਬਿਲਕੁਲ ਜੀ.ਐੱਸ.ਟੀ. ਮੁਕਤ ਹੋ ਗਈਆਂ ਹਨ, ਜਦਕਿ ਪਹਿਲਾਂ ਇਨ੍ਹਾਂ ਯੋਜਨਾਵਾਂ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਸਾਂਝਾ 18 ਫ਼ੀਸਦੀ ਜੀ.ਐੱਸ.ਟੀ. ਲੱਗਦਾ ਸੀ | ਇਹ ਯੋਜਨਾਵਾਂ ਜੀ.ਐੱਸ.ਟੀ. ਮੁਕਤ ਹੋਣ ਨਾਲ ਹਰ ਵਿਅਕਤੀ ਦੀ 3 ਤੋਂ 4 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ, ਜਿੱਥੇ ਪਹਿਲਾਂ ਸਾਲ ਭਰ 'ਚ 18000 ਕਿਸ਼ਤ ਭਰੀ ਜਾਂਦੀ ਸੀ ਹੁਣ 15000 ਭਰੀ ਜਾਵੇਗੀ | ਉਨ੍ਹਾਂ ਕਿਹਾ ਕਿ ਸਿਰਫ਼ ਸਿਹਤ ਬੀਮੇ ਜੀ.ਐੱਸ.ਟੀ. ਮੁਕਤ ਹੋਏ ਹਨ, ਜਦਕਿ ਵਾਹਨਾਂ ਦੇ ਬੀਮੇ 'ਤੇ ਲੱਗਦੀ ਜੀ. ਐੱਸ. ਟੀ. 'ਤੇ ਕੋਈ ਰਾਹਤ ਨਹੀਂ ਦਿੱਤੀ ਗਈ ਹੈ |
ਲੋਕਾਂ ਨੂੰ ਜੀ.ਐੱਸ.ਟੀ 'ਚ ਕਟੌਤੀ ਦਾ ਲਾਭ ਮਿਲਣਾ ਯਕੀਨੀ ਬਣਾਏ ਸਰਕਾਰ- ਗਿਆਨ ਚੰਦ ਬਾਂਸਲ
ਬਠਿੰਡਾ ਦੇ ਸਮਾਜਸੇਵੀ ਗਿਆਨ ਚੰਦ ਬਾਂਸਲ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਵਲੋਂ ਜੀ.ਐੱਸ.ਟੀ. ਨੂੰ ਘਟਾਉਣਾ ਦਾ ਫ਼ੈਸਲਾ ਸ਼ਲਾਘਾਯੋਗ ਹੈ, ਪਰ ਬਹੁਤ ਸਾਰੇ ਲੋਕ ਜੀ.ਐੱਸ.ਟੀ. ਜੋੜ-ਤੋੜ ਤੋਂ ਅਣਜਾਣ ਹਨ, ਕਈ ਵਪਾਰੀ, ਦੁਕਾਨਦਾਰ ਵਸਤੂਆਂ ਦੇ ਪਹਿਲਾਂ ਵਾਂਗ ਵੀ ਲੋਕਾਂ ਤੋਂ ਭਾਅ ਲਗਾ ਰਹੇ ਹਨ, ਜਿਸ ਬਾਰੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਉਚੇਚੇ ਤੌਰ 'ਤੇ ਧਿਆਨ ਦੇ ਕੇ ਲੋਕਾਂ ਨੂੰ ਜੀ.ਐੱਸ.ਟੀ. ਦਾ ਲਾਭ ਦੇਣਾ ਯਕੀਨੀ ਬਣਾਏ, ਖ਼ਾਸਕਰ ਪੇਂਡੂ ਖ਼ਿੱਤੇ 'ਚ ਇਸ ਸੰਬੰਧੀ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ | ਦੁਕਾਨਦਾਰਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਤੇ ਉਹ ਆਪਣੀਆਂ ਦੁਕਾਨਾਂ ਵਿਚ ਸਾਰੇ ਸਮਾਨ ਦੀ ਵਿੱਕਰੀ ਸੰਬੰਧੀ ਲਿਸਟਾਂ ਲਗਾਉਣ |
ਖੇਤੀ ਸੰਬੰਧੀ ਸਾਰੇ ਸਾਧਨ ਜੀ.ਐੱਸ.ਟੀ. ਮੁਕਤ ਹੋਣ- ਸਰੂਪ ਸਿੰਘ ਰਾਮਾਂ
ਭਾਕਿਯੂ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਵਸਤਾਂ 'ਤੇ ਘਟਾਏ ਜੀ.ਐੱਸ.ਟੀ. ਨਾਲ ਨਾਮਾਤਰ ਲਾਭ ਮਿਲੇਗਾ, ਪਰ ਕਿਸਾਨ ਜਥੇਬੰਦੀਆਂ ਤਾਂ ਸ਼ੁਰੂ ਤੋਂ ਇਹ ਮੰਗ ਕਰ ਰਹੀਆਂ ਹਨ ਕਿ ਖੇਤੀਬਾੜੀ ਨਾਲ ਸਬੰਧਿਤ ਸਾਰੇ ਸੰਦ-ਸਾਧਨਾਂ ਨੂੰ ਜੀ.ਐੱਸ.ਟੀ. ਮੁਕਤ ਕੀਤਾ ਜਾਵੇ, ਕਿਉਂਕਿ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਉਕਤ ਸਾਧਨਾਂ ਰਾਹੀਂ ਅਨਾਜ ਦੀ ਪੈਦਾਵਾਰ ਕਰਦਾ ਹੈ | ਉਨ੍ਹਾਂ ਕਿਹਾ ਕਿ ਟਰੈਕਟਰ, ਕੰਬਾਈਨ, ਥਰੈਸ਼ਰ, ਬਿਜਾਈ ਮਸ਼ੀਨਾਂ, ਹੈਪੀ ਸੀਡਰ, ਜ਼ੀਰੋ ਡਰਿਲ ਆਦਿ ਮਸ਼ੀਨਰੀ ਤੋਂ ਇਲਾਵਾ ਮਸ਼ੀਨਰੀ ਦੇ ਉਪਕਰਨ ਅਤੇ ਖਾਦਾਂ ਵੀ ਜੀ.ਐੱਸ.ਟੀ. ਮੁਕਤ ਹੋਣੇ ਚਾਹੀਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪਲਾਸਟਿਕ ਮੁਕਤ ਬੈਗ ਵੰਡਣ ਮੁਹਿੰਮ ਦੀ ਕੀਤੀ ਸ਼ੁਰੂਆਤ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਲੋਂ ਵੰਡੇ ਜਾ ਰ... ਅਗਲੀ ਖ਼ਬਰ ਤਿਉਹਾਰ ਦੀ ਵਧਾਈ ਲੈਣ ਬਾਜ਼ਾਰ 'ਚ ਆਏ ਦੋ ਮਹੰਤਾਂ ਦੇ ਗੁੱਟ ਆਪਸ ਵਿਚ ਭਿੜੇ
Ad Position 24