ਚਾਉਕੇ, 23 ਸਤੰਬਰ (ਮਨਜੀਤ ਸਿੰਘ ਘੜੈਲੀ)-ਵਾਤਾਵਰਨ ਦੀ ਸੁਰੱਖਿਆ ਲਈ ਅਤੇ ਮੋਮੀ ਕਾਗ਼ਜ਼ ਤੋਂ ਬਣੇ ਲਿਫ਼ਾਫਿਆਂ ਦੀ ਵਰਤੋਂ ਬੰਦ ਕਰਵਾਉਣ ਲਈ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਲੋਂ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ 'ਚ ਪਲਾਸਟਿਕ ਮੁਕਤ ਬੈਗ ਤੇ ਝੋਲੇ ਬਣਾ ਕੇ ਇਲਾਕੇ ਵਿਚ ਮੁਫ਼ਤ ਵੰਡਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜ਼ਿਲੇ੍ਹ 'ਚ ਪਲਾਸਟਿਕ ਮੁਕਤ ਬੈਗ ਵੰਡਣ ਦੀ ਮੁਹਿੰਮ ਸ਼ੁਰੂ ਕਰਦਿਆਂ ਟੀ ਬੈਨਿਥ ਡਿਪਟੀ ਕਮਿਸ਼ਨਰ ਬਰਨਾਲਾ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਹੀ ਪਲਾਸਟਿਕ ਦੇ ਲਿਫ਼ਾਫਿਆਂ ਕਾਰਨ ਸੀਵਰੇਜ ਸਿਸਟਮ ਵੀ ਬੰਦ ਹੋ ਜਾਂਦੇ ਹਨ | ਸਾਡੇ ਵਲੋਂ ਮੋਮੀ ਕਾਗ਼ਜ਼ ਦੇ ਲਿਫ਼ਾਫ਼ਿਆਂ ਵਿਚ ਕੁਝ ਪਾ ਕੇ ਸੁੱਟਣ ਨਾਲ ਆਵਾਰਾ ਪਸ਼ੂ ਖਾ ਕੇ ਬਿਮਾਰ ਹੋ ਜਾਂਦੇ ਹਨ | ਮੋਮੀ ਕਾਗ਼ਜ਼ ਦੇ ਲਿਫ਼ਾਫ਼ਿਆਂ ਕਾਰਨ ਸਾਡੇ ਆਲੇ-ਦੁਆਲੇ ਗੰਦਗੀ ਫੈਲਦੀ ਹੈ | ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਘਰੇਲੂ ਵਰਤੋਂ ਲਈ ਲੋੜੀਂਦੇ ਸਮਾਨ ਦੀ ਖ਼ਰੀਦ ਕਰਨ ਸਮੇਂ ਪਲਾਸਟਿਕ ਮੁਕਤ ਬੈਗਾਂ ਤੇ ਝੋਲਿਆਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਲਾਸਟਿਕ ਮੁਕਤ ਬੈਗਾਂ ਦੀ ਵਰਤੋਂ ਮੁਹਿੰਮ 'ਚ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਸਹਿਯੋਗ ਕਰਨਾ ਚਾਹੀਦਾ ਹੈ | ਸੰਸਥਾ ਦੇ ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੇ ਦੱਸਿਆ ਕਿ ਸੰਸਥਾ ਵਲੋਂ 10 ਕੁਇੰਟਲ ਬੈਗ ਤੇ ਝੋਲੇ ਤਿਆਰ ਕਰਵਾ ਕੇ ਤਿੰਨ ਜ਼ਿਲਿ੍ਹਆਂ ਦੀਆਂ ਦੁਕਾਨਾਂ 'ਤੇ ਮੁਫ਼ਤ ਵੰਡ ਕੇ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਨੂੰ ਪਲਾਸਟਿਕ ਮੁਕਤ ਬੈਗ ਤੇ ਝੋਲੇ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਕਾਹਨੇਕੇ ਤੋਂ ਇਲਾਵਾ ਸਮਾਜ ਸੇਵੀ ਵਿਅਕਤੀ ਹਾਜ਼ਰ ਸਨ |