ਬਰੇਟਾ, 23 ਸਤੰਬਰ (ਪਾਲ ਸਿੰਘ ਮੰਡੇਰ)- ਮੌਜੂਦਾ ਹੜ੍ਹਾਂ ਨੇ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦੇ ਲੋਕ ਵਿਰੋਧੀ ਖਾਸੇ ਦੀ ਪੋਲ ਖੋਲ੍ਹ ਦਿੱਤੀ ਹੈ, ਕਿਸੇ ਵੀ ਸਰਕਾਰ ਨੇ ਵਿਕਾਸ ਕਾਰਜਾਂ ਸਮੇਂ ਕੁਦਰਤੀ ਵਾਤਾਵਰਨ ਦਾ ਖਿਆਲ ਨਹੀਂ ਰੱਖਿਆ, ਨਾ ਹੀ ਦਰਿਆਵਾਂ ਅਤੇ ਡੈਮਾਂ ਦੀ ਵਿਧੀਵਤ ਸਫ਼ਾਈ ਅਤੇ ਮਜ਼ਬੂਤੀ ਵੱਲ ਧਿਆਨ ਦਿੱਤਾ ਗਿਆ | ਇਹ ਪ੍ਰਗਟਾਵਾ ਕਰਦਿਆਂ ਜਨਤਕ ਸਮਾਜਕ ਅਤੇ ਲੋਕ ਜਥੇਬੰਦਕ ਮੰਚ ਬਰੇਟਾ ਦੇ ਆਗੂਆਂ ਨੇ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਕਾਸ਼ਤਕਾਰਾਂ ਜਿਵੇਂ ਮਾਲਕ, ਠੇਕੇ ਵਾਲੇ, ਆਬਾਦਕਾਰ, ਵੰਡਾਈ ਵਾਲੇ ਆਦਿ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ, ਮਰੇ ਪਸ਼ੂਆਂ ਦਾ ਬਾਜ਼ਾਰ ਕੀਮਤ ਅਨੁਸਾਰ, ਘਰਾਂ ਲਈ ਘੱਟੋ ਘੱਟ ਇਕ ਲੱਖ ਤੋਂ 10 ਲੱਖ, ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ | ਹੜ੍ਹਾਂ 'ਚ ਮੌਤ ਵਾਲ਼ੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਖੇਤਾਂ 'ਚੋਂ ਗਾਰ ਸਰਕਾਰੀ ਖਰਚੇ 'ਤੇ ਹਟਾਈ ਜਾਵੇ | ਇਨ੍ਹਾਂ ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਬਰੇਟਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਦਸੌਂਧਾ ਸਿੰਘ ਬਹਾਦਰਪੁਰ, ਅੰਮਿ੍ਤਪਾਲ ਸਿੰਘ, ਸਹਿਜਪਾਲ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਨਿੱਕਾ ਸਿੰਘ ਧਰਮਪੁਰਾ, ਸਤਨਾਮ ਖੁਡਾਲ, ਭੋਲਾ ਸਿੰਘ, ਨਿੱਕਾ ਸਿੰਘ ਬਹਾਦਰਪੁਰ, ਅਜੈਬ ਸਿੰਘ, ਜਸਵਿੰਦਰ ਕੁਮਾਰ ਆਦਿ ਹਾਜ਼ਰ ਸਨ |