ਮਾਨਸਾ, 27 ਸਤੰਬਰ (ਰਾਵਿੰਦਰ ਸਿੰਘ ਰਵੀ)- ਪੰਜਾਬ ਦੀ ਇਹ ਤਰਾਸਦੀ ਰਹੀ ਹੈ ਕਿ ਅਸੀਂ ਓਪਰੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਪਣਾ ਮੂਲ ਵਿਰਸਾ ਭੁੱਲ ਜਾਂਦੇ ਹਾਂ | ਕਦੇ ਅਸੀਂ ਰਾਸ਼ਟਰਵਾਦ ਦੇ ਹੜ੍ਹ ਵਿਚ ਰੁੜ੍ਹ ਜਾਂਦੇ ਹਾਂ ਅਤੇ ਕਦੇ ਵਿਦੇਸ਼ੀ ਚਿੰਤਕਾਂ ਦੇ ਪ੍ਰਭਾਵ ਹੇਠ ਆਪਣੀ ਚੇਤਨਾ ਨੂੰ ਵਿਸਾਰ ਦਿੰਦੇ ਹਾਂ ਜਦੋਂ ਕਿ ਇਹ ਸੱਚ ਹੈ ਕਿ ਉਧਾਰੇ ਲਏ ਚਿੰਤਨ ਨਾਲ ਪੰਜਾਬ ਨੂੰ ਸਮਝਿਆ ਨਹੀਂ ਜਾ ਸਕਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਆਲੋਚਕ ਅਤੇ ਭਾਸ਼ਾ ਵਿਭਾਗ ਵਲੋਂ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਲਈ ਮਨੋਨੀਤ ਪ੍ਰੋ: ਗੁਰਦੀਪ ਸਿੰਘ ਨੇ ਸਰ ਜੈਫਰੀ ਇੰਸਟੀਚਿਊਟ ਵਿਖੇ 'ਅਦਬ ਲੋਕ ਮਾਨਸਾ' ਵਲੋਂ ਆਯੋਜਿਤ ਲੜੀਵਾਰ ਰੂ-ਬਰੂ ਸਮਾਗਮ 'ਬੈਠਕ' ਦੌਰਾਨ ਹਾਜ਼ਰ ਲੇਖਕਾਂ, ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਦੇ ਰੂ-ਬਰੂ ਹੁੰਦਿਆਂ ਪ੍ਰਗਟ ਕੀਤੇ | ਸ਼ਾਇਰ ਗੁਰਪ੍ਰੀਤ, ਤਨਵੀਰ, ਯਾਦਵਿੰਦਰ ਪੁਮਾਰ, ਅਮੋਲਕ ਡੇਲੂਆਣਾ, ਪ੍ਰੋ: ਸਮਸ਼ੇਰ ਸਿੰਘ, ਰਾਜ ਜੋਸ਼ੀ, ਦਰਸ਼ਨ ਜੋਗਾ, ਡਾ. ਗੁਰਮੇਲ ਕੌਰ ਆਦਿ ਚਿੰਤਕਾਂ ਵਲੋਂ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰੋ: ਸਿੰਘ ਨੇ ਕਿਹਾ ਕਿ ਪੰਜਾਬੀ ਦੀ ਸਿਰਜਣਾ ਲਈ ਜਿਨ੍ਹਾਂ ਸਿਰਜਕਾਂ ਨੇ ਪੰਜਾਬ ਦੇ ਚਿੰਤਨ ਨੂੰ ਅਗਾਂਹ ਤੋਰਨਾ ਸੀ, ਉਹ ਪਾਠਕ੍ਰਮ ਤੋਂ ਦੂਰ ਰੱਖੇ ਗਏ, ਜਿਸ ਸਦਕਾ ਇਸ ਤਰ੍ਹਾਂ ਦੀ ਦਿ੍ਸ਼ਟੀ ਤੋਂ ਹੀ ਸਿਰਜਣਾ ਨੂੰ ਸਮਝਿਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਸਮਾਗਮ ਕਰਵਾਉਣਾ ਅਦਬ ਲੋਕ ਦੀ ਪਰੰਪਰਾ ਹੈ ਅਤੇ ਉਹ ਅਜਿਹੇ ਸਮਾਗਮਾਂ ਦਾ ਹਿੱਸਾ ਬਣ ਕੇ ਉਹ ਮਾਣ ਮਹਿਸੂਸ ਕਰਦੇ ਹਨ | ਆਏ ਮਹਿਮਾਨਾਂ ਦਾ ਸਵਾਗਤ ਸੰਸਥਾ ਦੇ ਦਫ਼ਤਰ ਇੰਚਾਰਜ ਲਖਵਿੰਦਰ ਸਿੰਘ ਮੂਸਾ ਨੇ ਕੀਤਾ ਜਦੋਂ ਕਿ ਮੰਚ ਸੰਚਾਲਨ ਉੱਘੇ ਸ਼ਾਇਰ ਅਵਤਾਰਜੀਤ ਨੇ ਬਹੁਤ ਪ੍ਰਭਾਵਸ਼ਾਲੀ ਨਾਲ ਕੀਤਾ | ਆਪਣੇ ਧੰਨਵਾਦੀ ਅਤੇ ਪ੍ਰਧਾਨਗੀ ਮੰਡਲ 'ਚ ਅਦਬ ਲੋਕ ਦੇ ਪ੍ਰਧਾਨ ਸ਼ਾਇਰ ਬਲਵੰਤ ਭਾਟੀਆ ਨੇ ਕਿਹਾ ਕਿ ਪ੍ਰੋ: ਗੁਰਦੀਪ ਸਿੰਘ ਵਰਗੇ ਆਲੋਚਕ ਅਜੋਕੇ ਦੌਰ ਦਾ ਹਾਸਲ ਹਨ ਅਤੇ ਅਜਿਹੇ ਚਿੰਤਕਾਂ ਨੂੰ ਸਾਂਭਣ ਦੀ ਲੋੜ ਹੈ | ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਗੁਰਚੇਤ ਸਿੰਘ ਫੱਤੇਵਾਲੀਆ, ਜਨਰਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਕਾਰਜ ਸਾਧਕ ਰਾਜਿੰਦਰ ਗਰਗ, ਗੁਰਜੰਟ ਸਿੰਘ ਲਖਮੀਰਵਾਲਾ, ਨਰਿੰਦਰ ਸਿੰਘ ਮੋਹਲ, ਬਲਜਿੰਦਰ ਸਿੰਘ ਕਣਕਵਾਲ, ਬਲਵਿੰਦਰ ਸਿੰਘ ਬੁਢਲਾਡਾ, ਗੁਰਦੀਪ ਸਿੰਘ ਬਬਲੂ, ਜਗਸੀਰ ਸਿੰਘ ਸੱਦੇਵਾਲੀਆ, ਬਲਵਿੰਦਰ ਸਿੰਘ ਕਾਕਾ, ਸੱਤਪਾਲ ਸਿੰਘ ਮਿੱਠੂ, ਪਰਮਜੀਤ ਕੌਰ ਐਸ.ਓ., ਪ੍ਰੋ: ਅਵਤਾਰ ਸਿੰਘ, ਜਗਜੀਵਨ ਸਿੰਘ ਆਲੀਕੇ, ਸੇਠੀ ਸਿੰਘ ਸਰਾਂ, ਪਿ੍ੰਸੀਪਲ ਭੁਪਿੰਦਰ ਸਿੰਘ, ਸਰਬਜੀਤ ਕੌਸ਼ਲ, ਕੇਵਲ ਸਿੰਘ, ਕ੍ਰਿਸ਼ਨ ਮਾਨਬੀਬੜੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸਾਹਿਤ ਪ੍ਰੇਮੀ ਹਾਜ਼ਰ ਸਨ |