ਮਾਨਸਾ, 28 ਸਤੰਬਰ (ਰਾਵਿੰਦਰ ਸਿੰਘ ਰਵੀ)- ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਖਾਰਨ 'ਚ ਐਨ.ਐਸ.ਐਸ. ਕੈਂਪਾਂ ਦਾ ਵੱਡਾ ਯੋਗਦਾਨ ਹੁੰਦਾ ਹੈ | ਇਹ ਵਿਚਾਰ ਐਸ. ਡੀ. ਕੰਨਿਆ ਮਹਾਂਵਿਦਿਆਲਿਆ ਦੇ ਪਿ੍ੰਸੀਪਲ ਡਾ. ਗਰਿਮਾ ਮਹਾਜਨ ਨੇ ਇੱਥੇ ਪ੍ਰਗਟਾਉਂਦਿਆਂ ਦੱਸਿਆ ਕਿ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਪਿੰਡ ਬੁਰਜ ਰਾਠੀ ਵਿਖੇ ਦਿਨ-ਰਾਤ ਦਾ ਵਿਸ਼ੇਸ਼ ਕੈਂਪ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਰ ਰੋਜ਼ ਪਿੰਡ ਦੇ ਵੱਖ-ਵੱਖ ਖੇਤਰ ਦੀ ਸਾਫ਼ ਸਫ਼ਾਈ ਤੋਂ ਇਲਾਵਾ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਲਈ ਮੁਕਾਬਲੇ ਕਰਵਾਏ ਜਾ ਰਹੇ ਹਨ | ਸਵੱਛਤਾ ਪਖਵਾੜਾ ਵਿਸ਼ੇ 'ਤੇ ਕਰਵਾਏ ਸਲੋਗਨ ਲਿਖਣ ਮੁਕਾਬਲੇ 'ਚ ਤਰਨਪ੍ਰੀਤ ਕੌਰ, ਸਿਮਰਨ ਕੌਰ ਅਤੇ ਅਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਵੱਖ-ਵੱਖ ਸੈਸ਼ਨਾਂ 'ਚ ਪਹੁੰਚੇ ਮਾਹਿਰ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਕੇ ਵਿਦਿਆਰਥੀਆਂ ਅੰਦਰ ਨਵੀਂ ਰੂਹ ਫੂਕਦੇ ਹਨ | ਲੈਕਚਰਾਰ ਨਿਰਮਲ ਸਿੰਘ ਤੇ ਮੇਵਾ ਸਿੰਘ ਨੇ ਕੈਂਪ 'ਚ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰੋਏ ਸਮਾਜ ਦੀ ਸਥਾਪਨਾ ਲਈ ਅਜਿਹੇ ਕੈਂਪਾਂ ਦਾ ਵੱਡਾ ਯੋਗਦਾਨ ਹੁੰਦਾ ਹੈ | ਇਸ ਮੌਕੇ ਪ੍ਰੋਗਰਾਮ ਅਫ਼ਸਰ ਦੀਪਕ ਜਿੰਦਲ, ਨੀਰਜ ਮਿੱਤਲ, ਹਿਮਾਨੀ ਸ਼ਰਮਾ, ਅਮਨਦੀਪ ਕੌਰ ਆਦਿ ਹਾਜ਼ਰ ਸਨ |